Sunrisers Eastern Cape vs Durban Super Giants Final: ਦੱਖਣੀ ਅਫਰੀਕਾ ਟੀ-20 ਲੀਗ ਦਾ ਫਾਈਨਲ ਮੈਚ ਸ਼ਨੀਵਾਰ ਰਾਤ ਸਨਰਾਈਜ਼ਰਜ਼ ਈਸਟਰਨ ਕੇਪ ਅਤੇ ਡਰਬਨ ਸੁਪਰ ਜਾਇੰਟਸ ਵਿਚਾਲੇ ਖੇਡਿਆ ਗਿਆ। ਸਨਰਾਈਜ਼ਰਜ਼ ਨੇ ਖ਼ਿਤਾਬੀ ਮੈਚ ਵਿੱਚ ਸੁਪਰ ਜਾਇੰਟਸ ਨੂੰ 89 ਦੌੜਾਂ ਨਾਲ ਹਰਾ ਕੇ ਖ਼ਿਤਾਬ ’ਤੇ ਕਬਜ਼ਾ ਕੀਤਾ। ਸਨਰਾਈਜ਼ਰਸ ਟੀਮ ਲਗਾਤਾਰ ਦੂਜੀ ਵਾਰ ਦੱਖਣੀ ਅਫਰੀਕਾ ਟੀ-20 ਲੀਗ ਦੀ ਚੈਂਪੀਅਨ ਬਣੀ ਹੈ। ਟੀਮ ਦੀ ਮਾਲਕਣ ਕਾਵਿਆ ਮਾਰਨ ਨੇ ਫਾਈਨਲ 'ਚ ਸਨਰਾਈਜ਼ਰਸ ਦੀ ਸ਼ਾਨਦਾਰ ਜਿੱਤ 'ਤੇ ਖੁਸ਼ੀ ਮਨਾਈ।


ਸਨਰਾਈਜ਼ਰਜ਼ ਦਾ ਮੈਚ ਹੋਵੇ, ਫਿਰ ਭਲੇ ਜਿੱਤ ਹੋਵੇ ਜਾਂ ਹਾਰ, ਟੀਮ ਦੀ ਮਾਲਕਣ ਕਾਵਿਆ ਮਾਰਨ ਹਮੇਸ਼ਾ ਸੁਰਖੀਆਂ 'ਚ ਆਉਂਦੀ ਹੈ। ਹਰ ਗੇਂਦ 'ਤੇ ਪ੍ਰਤੀਕਿਰਿਆ ਦੇਣ ਵਾਲੀ ਕਾਵਿਆ ਦੀ ਟੀਮ ਨੇ ਜਦੋਂ ਲਗਾਤਾਰ ਦੂਜੀ ਵਾਰ ਦੱਖਣੀ ਅਫਰੀਕਾ ਟੀ-20 ਲੀਗ ਦਾ ਖਿਤਾਬ ਜਿੱਤਿਆ ਤਾਂ ਉਸ ਦੀ ਪ੍ਰਤੀਕਿਰਿਆ ਦੇਖਣ ਵਾਲੀ ਸੀ।






 


ਖ਼ਿਤਾਬੀ ਮੈਚ ਵਿੱਚ ਟਾਸ ਸਨਰਾਈਜ਼ਰਜ਼ ਦੇ ਹੱਕ ਵਿੱਚ ਗਿਆ ਅਤੇ ਉਨ੍ਹਾਂ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਸਨਰਾਈਜ਼ਰਸ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਟੀਮ ਨੂੰ ਪਹਿਲਾ ਝਟਕਾ ਡੇਵਿਡ ਮਲਾਨ ਦੇ ਰੂਪ 'ਚ ਮਹਿਜ਼ 15 ਦੌੜਾਂ ਬਣਾ ਕੇ ਲੱਗਾ। ਇਸ ਤੋਂ ਬਾਅਦ ਸਨਰਾਈਜ਼ਰਜ਼ ਦੀ ਪਾਰੀ ਸਥਿਰ ਹੋ ਗਈ ਅਤੇ ਟਾਮ ਬੈੱਲ (55 ਦੌੜਾਂ) ਅਤੇ ਜਾਰਡਨ (42 ਦੌੜਾਂ) ਨੇ ਤੂਫਾਨੀ ਢੰਗ ਨਾਲ ਬੱਲੇਬਾਜ਼ੀ ਸ਼ੁਰੂ ਕੀਤੀ। ਇਨ੍ਹਾਂ ਦੋਨਾਂ ਬੱਲੇਬਾਜ਼ਾਂ ਤੋਂ ਬਾਅਦ ਟੀਮ ਦੇ ਕਪਤਾਨ ਏਡਨ ਮਾਰਕਰਮ (42 ਦੌੜਾਂ) ਅਤੇ ਟ੍ਰਿਸਟਨ ਸਟੱਬਸ (56 ਦੌੜਾਂ) ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਦੀ ਤੇਜ਼ ਬੱਲੇਬਾਜ਼ੀ ਦੀ ਬਦੌਲਤ ਸਨਰਾਈਜ਼ਰਜ਼ ਨੇ 20 ਓਵਰਾਂ ਵਿੱਚ 3 ਵਿਕਟਾਂ ਗੁਆ ਕੇ 204 ਦੌੜਾਂ ਦਾ ਵੱਡਾ ਸਕੋਰ ਬਣਾਇਆ।






ਇਸ ਤੋਂ ਬਾਅਦ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਪੂਰੇ ਟੂਰਨਾਮੈਂਟ ਵਿੱਚ ਸੁਰਖੀਆਂ ਬਟੋਰਨ ਵਾਲੇ ਡਰਬਨ ਦੇ ਬੱਲੇਬਾਜ਼ ਫਾਈਨਲ ਵਿੱਚ ਨਿਰਾਸ਼ ਹੋ ਗਏ। ਕਵਿੰਟਨ ਡੀ ਕਾਕ 03, ਜੇਜੇ ਸਮਟਸ 01, ਭਾਨੁਕਾ ਰਾਜਪਕਸੇ 00 ਅਤੇ ਹੇਨਰਿਕ ਕਲਾਸੇਨ 00 ਦੌੜਾਂ 'ਤੇ ਆਊਟ ਹੋਏ। ਵਿਆਨ ਮੁਲਡਰ 38 ਅਤੇ ਡਵੇਨ ਪ੍ਰੀਟੋਰੀਅਸ ਨੇ 28 ਦੌੜਾਂ ਦੀ ਤੇਜ਼ ਪਾਰੀ ਖੇਡੀ ਪਰ ਇਹ ਦੋਵੇਂ ਹੀ ਹਾਰ ਦਾ ਫਰਕ ਘੱਟ ਕਰ ਸਕੇ। ਸਨਰਾਈਜ਼ਰਜ਼ ਦੇ ਗੇਂਦਬਾਜ਼ਾਂ ਨੇ ਪਾਵਰਪਲੇ 'ਚ ਹੀ ਆਪਣੀ ਟੀਮ ਦੀ ਜਿੱਤ ਯਕੀਨੀ ਬਣਾਈ ਸੀ। ਡਰਬਨ ਦੀ ਟੀਮ ਨੇ ਪਹਿਲੇ 6 ਓਵਰਾਂ ਵਿੱਚ ਸਿਰਫ਼ 27 ਦੌੜਾਂ ਬਣਾਈਆਂ ਅਤੇ ਤਿੰਨ ਵਿਕਟਾਂ ਗੁਆ ਦਿੱਤੀਆਂ।