Suryakumar Yadav: ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਸੂਰਿਆਕੁਮਾਰ ਯਾਦਵ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਟੀ-20 ਵਿਸ਼ਵ ਕੱਪ 2022 ਵਿੱਚ ਨੀਦਰਲੈਂਡ ਖ਼ਿਲਾਫ਼ ਸੂਰਿਆਕੁਮਾਰ ਨੇ ਅਰਧ ਸੈਂਕੜਾ ਜੜਿਆ ਹੈ। ਸੂਰਿਆਕੁਮਾਰ ਨੇ 200 ਤੋਂ ਵੱਧ ਦੇ ਸਟ੍ਰਾਈਕ ਰੇਟ ਨਾਲ ਆਪਣੀਆਂ ਦੌੜਾਂ ਬਣਾਈਆਂ। ਇਸ ਪਾਰੀ ਦੇ ਨਾਲ ਹੀ ਉਨ੍ਹਾਂ ਨੇ ਇੱਕ ਵੱਡਾ ਰਿਕਾਰਡ ਵੀ ਆਪਣੇ ਨਾਮ ਕਰ ਲਿਆ ਹੈ।


ਸੂਰਿਆਕੁਮਾਰ ਇੱਕ ਸਾਲ ਵਿੱਚ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 200 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਪੰਜ ਵਾਰ 50 ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਸੂਰਿਆ ਨੇ ਇਸ ਸਾਲ ਵੈਸਟਇੰਡੀਜ਼ ਖਿਲਾਫ 31 ਗੇਂਦਾਂ 'ਤੇ 65, ਇੰਗਲੈਂਡ ਖਿਲਾਫ 55 ਗੇਂਦਾਂ 'ਤੇ 117, ਹਾਂਗਕਾਂਗ ਖਿਲਾਫ 26 ਗੇਂਦਾਂ 'ਤੇ ਨਾਬਾਦ 68, ਦੱਖਣੀ ਅਫਰੀਕਾ ਖਿਲਾਫ 22 ਗੇਂਦਾਂ 'ਤੇ 61 ਅਤੇ ਨੀਦਰਲੈਂਡ ਖਿਲਾਫ 25 ਗੇਂਦਾਂ 'ਤੇ ਨਾਬਾਦ 51 ਦੌੜਾਂ ਦੀ ਪਾਰੀ ਖੇਡੀ ਹੈ।


ਸੂਰਿਆਕੁਮਾਰ ਇਸ ਸਾਲ ਸਭ ਤੋਂ ਵੱਧ ਟੀ-20 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ


ਸੂਰਿਆਕੁਮਾਰ ਇਸ ਸਾਲ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਸ ਨੇ ਇਸ ਸਾਲ 25 ਮੈਚਾਂ 'ਚ 41.28 ਦੀ ਔਸਤ ਨਾਲ 867 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 184.86 ਰਿਹਾ। ਸੂਰਿਆ ਨੇ ਇਸ ਸਾਲ ਇੱਕ ਸੈਂਕੜਾ ਅਤੇ ਸੱਤ ਅਰਧ ਸੈਂਕੜੇ ਲਗਾਏ ਹਨ। ਉਸ ਨੇ ਇਸ ਸਾਲ 52 ਛੱਕੇ ਲਗਾਏ ਹਨ ਅਤੇ 50 ਜਾਂ ਇਸ ਤੋਂ ਵੱਧ ਛੱਕੇ ਲਗਾਉਣ ਵਾਲਾ ਇਕਲੌਤਾ ਬੱਲੇਬਾਜ਼ ਹੈ। ਸੂਰਿਆ ਤੋਂ ਬਾਅਦ ਪਾਕਿਸਤਾਨੀ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਹਨ।



ਰਿਜ਼ਵਾਨ ਨੇ ਇਸ ਸਾਲ 19 ਮੈਚਾਂ 'ਚ 51.56 ਦੀ ਔਸਤ ਨਾਲ 825 ਦੌੜਾਂ ਬਣਾਈਆਂ ਹਨ। ਇਸ ਸਾਲ ਹੁਣ ਤੱਕ ਰਿਜ਼ਵਾਨ ਦੇ ਬੱਲੇ ਤੋਂ ਨੌਂ ਅਰਧ ਸੈਂਕੜੇ ਲੱਗ ਚੁੱਕੇ ਹਨ। ਰਿਜ਼ਵਾਨ ਨੇ 124.62 ਦੇ ਸਟ੍ਰਾਈਕ ਰੇਟ ਨਾਲ ਆਪਣੀਆਂ ਦੌੜਾਂ ਬਣਾਈਆਂ ਹਨ।