Indian Bowlers in 19th Over: ਭਾਰਤੀ ਟੀਮ ਨੇ ਦੱਖਣੀ ਅਫਰੀਕਾ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਅਜੇਤੂ ਬੜ੍ਹਤ ਬਣਾ ਲਈ ਹੈ ਪਰ ਉਸ ਦੀ ਸਭ ਤੋਂ ਵੱਡੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਆਖਰੀ ਓਵਰਾਂ 'ਚ ਖਰਾਬ ਗੇਂਦਬਾਜ਼ੀ ਭਾਰਤ ਦੀ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ। ਐਤਵਾਰ ਨੂੰ ਗੁਹਾਟੀ 'ਚ ਹੋਏ ਟੀ-20 ਮੈਚ 'ਚ ਭਾਰਤੀ ਟੀਮ ਨੂੰ ਆਖਰੀ ਓਵਰ 'ਚ ਕਾਫੀ ਦੌੜਾਂ ਪਈਆਂ। ਇਹ ਰੁਝਾਨ ਪਿਛਲੇ ਕੁਝ ਮੈਚਾਂ ਤੋਂ ਜਾਰੀ ਹੈ। ਖ਼ਾਸ ਤੌਰ 'ਤੇ 19ਵੇਂ ਓਵਰ 'ਚ ਭਾਰਤੀ ਗੇਂਦਬਾਜ਼ ਜ਼ਬਰਦਸਤ ਰਨ ਖਾ  ਰਹੇ ਹਨ। ਪਿਛਲੇ 8 ਮੈਚਾਂ 'ਚੋਂ 6 'ਚੋਂ 19ਵੇਂ ਓਵਰ 'ਚ ਭਾਰਤੀ ਗੇਂਦਬਾਜ਼ਾਂ ਨੇ 36 ਗੇਂਦਾਂ 'ਚ 110 ਦੌੜਾਂ ਬਣਵਾਈਆਂ।


ਗੁਹਾਟੀ 'ਚ ਖੇਡੇ ਗਏ ਭਾਰਤ-ਦੱਖਣੀ ਅਫਰੀਕਾ ਟੀ-20 ਸੀਰੀਜ਼ ਦੇ ਦੂਜੇ ਮੈਚ 'ਚ ਅਰਸ਼ਦੀਪ ਸਿੰਘ ਨੇ 19ਵੇਂ ਓਵਰ 'ਚ 26 ਦੌੜਾਂ ਦਿੱਤੀਆਂ। ਵੱਡੇ ਟੀਚੇ ਦੇ ਕਾਰਨ ਭਾਰਤੀ ਟੀਮ ਨੇ ਮੈਚ ਬਚਾ ਲਿਆ ਪਰ ਜੇ ਸਕੋਰ ਥੋੜਾ ਵੀ ਘੱਟ ਹੁੰਦਾ ਤਾਂ ਇਹ ਓਵਰ ਮੈਚ ਦਾ ਟਰਨਿੰਗ ਪੁਆਇੰਟ ਬਣ ਸਕਦਾ ਸੀ। 237 ਦੌੜਾਂ ਦਾ ਵੱਡਾ ਸਕੋਰ ਬਣਾਉਣ ਦੇ ਬਾਵਜੂਦ ਭਾਰਤ ਇਹ ਮੈਚ ਸਿਰਫ਼ 16 ਦੌੜਾਂ ਨਾਲ ਜਿੱਤ ਸਕਿਆ।


ਇਸ ਤੋਂ ਪਹਿਲਾਂ ਤਿਰੂਵਨੰਤਪੁਰਮ 'ਚ ਟੀ-20 ਮੈਚ 'ਚ ਅਰਸ਼ਦੀਪ ਸਿੰਘ ਨੇ 19ਵੇਂ ਓਵਰ 'ਚ ਪ੍ਰੋਟੀਜ਼ ਟੀਮ ਖਿਲਾਫ 17 ਦੌੜਾਂ ਦਿੱਤੀਆਂ ਸਨ। ਹਾਲਾਂਕਿ ਇਸ ਓਵਰ ਤੋਂ ਇਲਾਵਾ ਭਾਰਤੀ ਟੀਮ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਪ੍ਰੋਟੀਜ਼ ਟੀਮ ਨੂੰ 106 ਦੌੜਾਂ 'ਤੇ ਹੀ ਰੋਕ ਦਿੱਤਾ। ਭਾਰਤ ਨੇ ਇਹ ਮੈਚ 8 ਵਿਕਟਾਂ ਨਾਲ ਜਿੱਤ ਲਿਆ।


ਆਸਟ੍ਰੇਲੀਆ ਖਿਲਾਫ 19ਵੇਂ ਓਵਰ 'ਚ ਵੀ ਮਾੜਾ ਪ੍ਰਦਰਸ਼ਨ


ਆਸਟ੍ਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਭਾਰਤੀ ਟੀਮ ਡੈੱਥ ਓਵਰਾਂ 'ਚ ਖ਼ਰਾਬ ਗੇਂਦਬਾਜ਼ੀ ਕਾਰਨ ਹਾਰ ਗਈ ਸੀ। ਮੁਹਾਲੀ ਵਿੱਚ ਹੋਏ ਉਸ ਮੈਚ ਵਿੱਚ ਭੁਵਨੇਸ਼ਵਰ ਕੁਮਾਰ ਨੇ 19ਵੇਂ ਓਵਰ ਵਿੱਚ 16 ਦੌੜਾਂ ਦੇ ਕੇ ਆਸਟ੍ਰੇਲੀਆ ਨੂੰ ਜਿੱਤ ਦੇ ਨੇੜੇ ਪਹੁੰਚਾਇਆ ਸੀ। ਆਸਟ੍ਰੇਲੀਆ ਨੇ ਇਹ ਮੈਚ 4 ਵਿਕਟਾਂ ਨਾਲ ਜਿੱਤ ਲਿਆ। ਸੀਰੀਜ਼ ਦੇ ਆਖਰੀ ਮੈਚ 'ਚ ਵੀ ਭਾਰਤੀ ਗੇਂਦਬਾਜ਼ਾਂ ਨੂੰ 19ਵੇਂ ਓਵਰ 'ਚ ਹੀ ਮਾਰ ਪਈ। ਇੱਥੇ ਜਸਪ੍ਰੀਤ ਬੁਮਰਾਹ ਨੇ 19ਵੇਂ ਓਵਰ ਵਿੱਚ 18 ਦੌੜਾਂ ਦਿੱਤੀਆਂ।


ਏਸ਼ੀਆ ਕੱਪ 'ਚ ਬਾਹਰ ਹੋਣ ਦਾ ਕਾਰਨ ਵੀ 19ਵਾਂ ਓਵਰ ਰਿਹਾ


ਏਸ਼ੀਆ ਕੱਪ 'ਚ ਪਾਕਿਸਤਾਨ ਨੂੰ ਭਾਰਤ ਖਿਲਾਫ ਸੁਪਰ-4 ਮੈਚ ਜਿੱਤਣ ਲਈ 12 ਗੇਂਦਾਂ 'ਤੇ 26 ਦੌੜਾਂ ਦੀ ਲੋੜ ਸੀ। ਇੱਥੇ ਭੁਵਨੇਸ਼ਵਰ ਨੇ 19ਵੇਂ ਓਵਰ ਵਿੱਚ 19 ਦੌੜਾਂ ਦੇ ਕੇ ਪਾਕਿਸਤਾਨੀ ਟੀਮ ਦੀ ਜਿੱਤ ਆਸਾਨ ਕਰ ਦਿੱਤੀ। ਇਸ ਤੋਂ ਬਾਅਦ ਅਗਲੇ ਹੀ ਮੈਚ ਵਿੱਚ ਸ੍ਰੀਲੰਕਾ ਨੂੰ 12 ਗੇਂਦਾਂ ਵਿੱਚ 21 ਦੌੜਾਂ ਦੀ ਲੋੜ ਸੀ। ਇੱਥੇ ਵੀ ਭੁਵੀ ਨੇ 19ਵੇਂ ਓਵਰ ਵਿੱਚ 14 ਦੌੜਾਂ ਦੇ ਕੇ ਸ਼੍ਰੀਲੰਕਾ ਲਈ ਆਸਾਨ ਕਰ ਦਿੱਤਾ। ਇਹ ਦੋਵੇਂ ਮੈਚ ਹਾਰਨ ਤੋਂ ਬਾਅਦ ਭਾਰਤ ਨੂੰ ਏਸ਼ੀਆ ਕੱਪ ਤੋਂ ਬਾਹਰ ਹੋਣਾ ਪਿਆ।