IND vs WI 2nd Test: ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ 'ਚ ਕਈ ਵੱਡੇ ਰਿਕਾਰਡ ਬਣੇ ਤੇ ਟੁੱਟੇ। ਇਸ ਦੌਰਾਨ ਟੀਮ ਇੰਡੀਆ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਂ ਕੀਤਾ। ਦਰਅਸਲ ਦੂਜੇ ਟੈਸਟ ਦੀ ਦੂਜੀ ਪਾਰੀ 'ਚ ਭਾਰਤੀ ਬੱਲੇਬਾਜ਼ਾਂ ਨੇ ਟੀ-20 ਵਾਂਗ ਬੱਲੇਬਾਜ਼ੀ ਕੀਤੀ। ਇਸ ਨਾਲ ਟੀਮ ਦੇ ਨਾਂ ਦੋ ਵੱਡੇ ਰਿਕਾਰਡ ਦਰਜ ਹੋ ਗਏ।


ਦੂਜੀ ਪਾਰੀ ਵਿੱਚ ਭਾਰਤ ਲਈ ਯਸ਼ਸਵੀ ਜੈਸਵਾਲ ਨੇ 30 ਗੇਂਦਾਂ ਵਿੱਚ ਇੱਕ ਛੱਕੇ ਤੇ ਚਾਰ ਚੌਕਿਆਂ ਦੀ ਮਦਦ ਨਾਲ 38 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਕਪਤਾਨ ਰੋਹਿਤ ਸ਼ਰਮਾ ਨੇ 44 ਗੇਂਦਾਂ ਵਿੱਚ 57 ਦੌੜਾਂ ਦੀ ਪਾਰੀ ਖੇਡੀ। ਹਿਟਮੈਨ ਨੇ ਪੰਜ ਚੌਕੇ ਤੇ ਤਿੰਨ ਛੱਕੇ ਜੜੇ। ਇਸ ਤੋਂ ਬਾਅਦ ਈਸ਼ਾਨ ਕਿਸ਼ਨ ਨੇ ਸਿਰਫ 34 ਗੇਂਦਾਂ 'ਚ 52 ਦੌੜਾਂ ਬਣਾਈਆਂ। ਈਸ਼ਾਨ ਦੇ ਬੱਲੇ ਤੋਂ 4 ਚੌਕੇ ਤੇ 2 ਛੱਕੇ ਨਿਕਲੇ। ਉਸ ਦੇ ਨਾਲ ਸ਼ੁਭਮਨ ਗਿੱਲ 37 ਗੇਂਦਾਂ ਵਿੱਚ 29 ਦੌੜਾਂ ਬਣਾ ਕੇ ਨਾਬਾਦ ਰਿਹਾ।



ਸਭ ਤੋਂ ਤੇਜ਼ 100 ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ 


ਟੀਮ ਇੰਡੀਆ ਨੇ ਦੂਜੀ ਪਾਰੀ 'ਚ ਸਿਰਫ 12.2 ਓਵਰਾਂ 'ਚ 100 ਦੌੜਾਂ ਦੇ ਅੰਕੜੇ ਨੂੰ ਛੂਹ ਲਿਆ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਟੈਸਟ ਕ੍ਰਿਕਟ ਵਿੱਚ ਸਭ ਤੋਂ ਤੇਜ਼ 100 ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ। ਇਸ ਤੋਂ ਪਹਿਲਾਂ ਇਹ ਰਿਕਾਰਡ ਸ਼੍ਰੀਲੰਕਾ ਦੇ ਨਾਂ ਸੀ। ਸ਼੍ਰੀਲੰਕਾ ਨੇ 2001 'ਚ ਬੰਗਲਾਦੇਸ਼ ਖਿਲਾਫ 13.2 ਓਵਰਾਂ 'ਚ 100 ਦੌੜਾਂ ਬਣਾਈਆਂ ਸਨ। ਇਸ ਰਿਕਾਰਡ ਸੂਚੀ 'ਚ ਇੰਗਲੈਂਡ ਤੀਜੇ ਨੰਬਰ 'ਤੇ ਹੈ। ਇੰਗਲੈਂਡ ਨੇ 1994 'ਚ ਦੱਖਣੀ ਅਫਰੀਕਾ ਖਿਲਾਫ 13.3 ਓਵਰਾਂ 'ਚ 100 ਦੌੜਾਂ ਬਣਾਈਆਂ ਸਨ।





 
ਸਿਰਫ 5.3 ਓਵਰਾਂ 'ਚ 50 ਦੌੜਾਂ 


ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਸਿਰਫ਼ 5.3 ਓਵਰਾਂ ਵਿੱਚ 50 ਦੌੜਾਂ ਬਣਾਈਆਂ। ਟੈਸਟ 'ਚ ਸਭ ਤੋਂ ਤੇਜ਼ 50 ਦੌੜਾਂ ਬਣਾਉਣ ਵਾਲੀ ਟੀਮ ਇੰਡੀਆ ਚੌਥੇ ਨੰਬਰ 'ਤੇ ਆ ਗਈ ਹੈ। ਇਸ ਤੋਂ ਪਹਿਲਾਂ 2008 'ਚ ਵੀ ਟੀਮ ਇੰਡੀਆ ਨੇ ਇੰਗਲੈਂਡ ਖਿਲਾਫ 5.3 ਓਵਰਾਂ 'ਚ 50 ਦੌੜਾਂ ਬਣਾਈਆਂ ਸਨ। ਇਸ ਰਿਕਾਰਡ ਸੂਚੀ 'ਚ ਇੰਗਲੈਂਡ ਪਹਿਲੇ ਨੰਬਰ 'ਤੇ ਹੈ। ਇੰਗਲੈਂਡ ਦੀ ਟੀਮ ਨੇ 1994 'ਚ ਦੱਖਣੀ ਅਫਰੀਕਾ ਖਿਲਾਫ 4.3 ਓਵਰਾਂ 'ਚ 50 ਦੌੜਾਂ ਬਣਾਈਆਂ ਸਨ।