Ashwin, Jadeja and Axar: ਟੈਸਟ ਕ੍ਰਿਕਟ ਦੀ ਆਲਰਾਊਂਡਰ ਰੈਂਕਿੰਗ ਦੇ ਟਾਪ-10 'ਚ ਤਿੰਨ ਭਾਰਤੀ ਖਿਡਾਰੀ ਸ਼ਾਮਲ ਹਨ। ਇਹ ਖਿਡਾਰੀ ਰਵਿੰਦਰ ਜਡੇਜਾ, ਆਰ ਅਸ਼ਵਿਨ ਅਤੇ ਅਕਸ਼ਰ ਪਟੇਲ ਹਨ। ਜਡੇਜਾ ਅਤੇ ਅਸ਼ਵਿਨ ਲੰਬੇ ਸਮੇਂ ਤੋਂ ਭਾਰਤ ਲਈ ਗੇਂਦ ਅਤੇ ਬੱਲੇ ਦੀ ਭੂਮਿਕਾ ਨਿਭਾਅ ਰਹੇ ਹਨ ਪਰ ਹੁਣ ਅਕਸ਼ਰ ਪਟੇਲ ਨੇ ਵੀ ਇਸ ਸੂਚੀ 'ਚ ਆਪਣਾ ਨਾਂਅ ਦਰਜ ਕਰਵਾ ਲਿਆ ਹੈ। ਇਹ ਆਲਰਾਊਂਡਰ ਵੀ ਜਡੇਜਾ ਅਤੇ ਅਸ਼ਵਿਨ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਿਹਾ ਹੈ।


ਭਾਰਤ 'ਚ ਖੇਡੀ ਜਾ ਰਹੀ ਬਾਰਡਰ-ਗਾਵਸਕਰ ਟਰਾਫੀ ਦੇ ਪਹਿਲੇ ਟੈਸਟ 'ਚ ਇਸ ਤਿਕੜੀ ਨੇ ਤਬਾਹੀ ਮਚਾਈ ਸੀ। ਦਿੱਲੀ 'ਚ ਚੱਲ ਰਹੇ ਦੂਜੇ ਟੈਸਟ 'ਚ ਵੀ ਇਹੀ ਤਿਕੜੀ ਭਾਰਤ ਲਈ ਸੰਕਟਮੋਚਕ ਸਾਬਤ ਹੋਈ। ਦਿੱਲੀ ਟੈਸਟ 'ਚ ਆਸਟ੍ਰੇਲੀਆ ਦੀ ਪਹਿਲੀ ਪਾਰੀ 'ਚ ਜਿੱਥੇ ਅਸ਼ਵਿਨ ਅਤੇ ਜਡੇਜਾ ਨੇ 3-3 ਵਿਕਟਾਂ ਲੈ ਕੇ ਆਸਟ੍ਰੇਲੀਆ ਨੂੰ ਪਹਿਲੇ ਦਿਨ ਹੀ ਆਲ ਆਊਟ ਕਰ ਦਿੱਤਾ, ਉੱਥੇ ਹੀ ਦੂਜੇ ਦਿਨ ਜਦੋਂ ਭਾਰਤੀ ਟੀਮ 139 ਦੌੜਾਂ 'ਤੇ 7 ਵਿਕਟਾਂ ਗੁਆ ਚੁੱਕੀ ਸੀ ਤਾਂ ਅਸ਼ਵਿਨ ਅਤੇ ਅਕਸ਼ਰ ਨੇ ਸੈਂਕੜਾ ਭਾਈਵਾਲੀ ਕਰਕੇ ਭਾਰਤੀ ਟੀਮ ਨੂੰ ਬਚਾਇਆ। ਅਕਸ਼ਰ ਨੇ 74 ਦੌੜਾਂ ਅਤੇ ਅਸ਼ਵਿਨ ਨੇ 37 ਦੌੜਾਂ ਦੀ ਅਹਿਮ ਪਾਰੀ ਖੇਡੀ।


ਇਹ ਤਿੰਨੇ ਖਿਡਾਰੀ ਇਸ ਸਮੇਂ ਭਾਰਤੀ ਟੈਸਟ ਟੀਮ ਦੇ ਸਭ ਤੋਂ ਮਹੱਤਵਪੂਰਨ ਖਿਡਾਰੀ ਬਣ ਗਏ ਹਨ। ਤਿੰਨਾਂ ਦੇ ਪ੍ਰਦਰਸ਼ਨ 'ਚ ਨਿਰੰਤਰਤਾ ਆਈ ਹੈ। ਇਨ੍ਹਾਂ ਤਿੰਨਾਂ ਦੀ ਬਦੌਲਤ ਭਾਰਤੀ ਟੀਮ ਨੂੰ 9ਵੇਂ ਕ੍ਰਮ ਤੱਕ ਬੱਲੇਬਾਜ਼ੀ 'ਚ ਡੂੰਘਾਈ ਪ੍ਰਾਪਤ ਹੋਈ ਹੈ। ਮੌਜੂਦਾ ਟੈਸਟ ਆਲਰਾਊਂਡਰ ਰੈਂਕਿੰਗ 'ਚ ਰਵਿੰਦਰ ਜਡੇਜਾ ਨੰਬਰ-1 'ਤੇ, ਆਰ ਅਸ਼ਵਿਨ ਨੰਬਰ-2 'ਤੇ ਅਤੇ ਅਕਸ਼ਰ ਪਟੇਲ ਨੰਬਰ-7 'ਤੇ ਹਨ।


ਅਸ਼ਵਿਨ ਦੇ ਨਾਂ 460+ ਵਿਕਟਾਂ ਅਤੇ 3000+ ਦੌੜਾਂ ਹਨ


ਆਰ ਅਸ਼ਵਿਨ ਪਿਛਲੇ ਇੱਕ ਦਹਾਕੇ ਤੋਂ ਭਾਰਤ ਦੀ ਟੈਸਟ ਟੀਮ ਦੇ ਅਹਿਮ ਖਿਡਾਰੀ ਰਹੇ ਹਨ। 90 ਟੈਸਟ ਮੈਚ ਖੇਡਣ ਵਾਲੇ ਇਸ ਅਨੁਭਵੀ ਟੈਸਟ ਕ੍ਰਿਕਟ 'ਚ ਭਾਰਤ ਦਾ ਦੂਜਾ ਸਭ ਤੋਂ ਸਫਲ ਗੇਂਦਬਾਜ਼ (460+ ਵਿਕਟਾਂ) ਹੈ। ਇਸ ਦੇ ਨਾਲ ਹੀ ਇਸ ਖਿਡਾਰੀ ਦੇ ਨਾਂਅ 3 ਹਜ਼ਾਰ ਤੋਂ ਵੱਧ ਟੈਸਟ ਦੌੜਾਂ ਵੀ ਦਰਜ ਹਨ। ਅਸ਼ਵਿਨ ਨੇ ਟੈਸਟ ਕ੍ਰਿਕਟ 'ਚ 5 ਸੈਂਕੜੇ ਅਤੇ 13 ਅਰਧ ਸੈਂਕੜੇ ਲਗਾਏ ਹਨ।


ਜਡੇਜਾ ਨੇ 250+ ਵਿਕਟਾਂ ਲਈਆਂ ਹਨ, 2600+ ਦੌੜਾਂ ਵੀ ਬਣਾਈਆਂ


ਰਵਿੰਦਰ ਜਡੇਜਾ ਪਿਛਲੇ 6-7 ਸਾਲਾਂ ਤੋਂ ਭਾਰਤੀ ਟੀਮ ਦੀ ਟੈਸਟ ਟੀਮ 'ਚ ਰੈਗੂਲਰ ਖਿਡਾਰੀ ਬਣ ਗਏ ਹਨ। ਇਸ ਖਿਡਾਰੀ ਨੂੰ ਹੁਣ ਤੱਕ 62 ਟੈਸਟ ਮੈਚ ਖੇਡਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਦਿੱਗਜ ਨੇ ਹੁਣ ਤੱਕ ਟੈਸਟ 'ਚ 2600 ਤੋਂ ਵੱਧ ਦੌੜਾਂ ਬਣਾਈਆਂ ਹਨ, ਜਿਸ 'ਚ ਤਿੰਨ ਸੈਂਕੜੇ ਅਤੇ 18 ਅਰਧ ਸੈਂਕੜੇ ਸ਼ਾਮਲ ਹਨ। ਗੇਂਦਬਾਜ਼ੀ 'ਚ ਜਡੇਜਾ ਨੇ ਹੁਣ ਤੱਕ 250 ਤੋਂ ਵੱਧ ਵਿਕਟਾਂ ਲਈਆਂ ਹਨ।


ਅਕਸ਼ਰ ਪਟੇਲ ਨੇ ਸਿਰਫ਼ 9 ਟੈਸਟ ਮੈਚਾਂ 'ਚ ਹੀ ਦਹਿਸ਼ਤ ਪੈਦਾ ਕੀਤੀ


ਅਕਸ਼ਰ ਪਟੇਲ ਨੇ ਹਾਲ ਹੀ 'ਚ ਟੈਸਟ ਦੇ ਬੈਸਟ ਆਲਰਾਊਂਡਰਾਂ 'ਚ ਆਪਣਾ ਨਾਂਅ ਦਰਜ ਕਰਵਾਇਆ ਹੈ। ਅਕਸ਼ਰ ਨੇ ਹੁਣ ਤੱਕ 9 ਟੈਸਟ ਮੈਚਾਂ 'ਚ 48 ਵਿਕਟਾਂ ਲਈਆਂ ਹਨ ਅਤੇ 407 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 3 ਅਰਧ ਸੈਂਕੜੇ ਲਗਾਏ ਹਨ।