Babar Azam And Mohammad Rizwan Vs India: ਭਾਰਤੀ ਟੀਮ ਨੂੰ ਪਾਕਿਸਤਾਨ ਖਿਲਾਫ ਸਿਰਫ ਗੇਂਦਬਾਜ਼ੀ ਹੀ ਨਹੀਂ ਸਗੋਂ ਬੱਲੇਬਾਜ਼ੀ ਦੌਰਾਨ ਵੀ ਚੌਕਸ ਰਹਿਣਾ ਹੋਵੇਗਾ। ਅੱਜ ਭਾਰਤ ਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਦੇ ਸੁਪਰ-4 ਵਿੱਚ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ 'ਚ ਇਹ ਮੈਚ ਖੇਡਿਆ ਜਾਵੇਗਾ। ਇਸ ਮੈਚ 'ਚ ਪਾਕਿਸਤਾਨ ਦੀ ਗੇਂਦਬਾਜ਼ੀ ਦੇ ਨਾਲ-ਨਾਲ ਬੱਲੇਬਾਜ਼ੀ ਵੀ ਭਾਰਤ 'ਤੇ ਹਾਵੀ ਹੋ ਸਕਦੀ ਹੈ। ਟੀਮ ਦੇ ਕਪਤਾਨ ਬਾਬਰ ਆਜ਼ਮ ਤੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਦੀ ਜੋੜੀ ਭਾਰਤੀ ਟੀਮ ਲਈ ਮੁਸੀਬਤ ਖੜ੍ਹੀ ਕਰ ਸਕਦੀ ਹੈ।



ਬਾਬਰ ਆਜ਼ਮ ਤੇ ਮੁਹੰਮਦ ਰਿਜ਼ਵਾਨ ਦੀ ਇਹ ਉਹੀ ਜੋੜੀ ਹੈ, ਜਿਸ ਦੀ ਬਦੌਲਤ ਪਾਕਿਸਤਾਨ ਨੇ 2021 ਦਾ ਟੀ-20 ਵਿਸ਼ਵ ਕੱਪ ਦੌਰਾਨ ਭਾਰਤ ਖਿਲਾਫ 10 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ। ਅਜਿਹੇ 'ਚ ਭਾਰਤੀ ਟੀਮ ਨੂੰ ਦੋਵਾਂ ਬੱਲੇਬਾਜ਼ਾਂ ਤੋਂ ਚੌਕਸ ਰਹਿਣਾ ਹੋਵੇਗਾ। 2021 ਟੀ-20 ਵਿਸ਼ਵ ਕੱਪ 'ਚ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੂੰ 152 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਬਾਬਰ ਆਜ਼ਮ ਤੇ ਮੁਹੰਮਦ ਰਿਜ਼ਵਾਨ ਦੀ ਸਲਾਮੀ ਜੋੜੀ ਨੇ ਬਿਨਾਂ ਕੋਈ ਵਿਕਟ ਗੁਆਏ ਸਿਰਫ 17.5 ਓਵਰਾਂ 'ਚ ਹਾਸਲ ਕਰ ਲਿਆ ਸੀ।



ਮੈਚ ਵਿੱਚ ਰਿਜ਼ਵਾਨ ਨੇ 55 ਗੇਂਦਾਂ ਵਿੱਚ 6 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 79 ਦੌੜਾਂ ਦੀ ਪਾਰੀ ਖੇਡੀ ਸੀ। ਜਦਕਿ ਕਪਤਾਨ ਬਾਬਰ ਆਜ਼ਮ ਨੇ 52 ਗੇਂਦਾਂ 'ਚ 68 ਦੌੜਾਂ ਬਣਾਈਆਂ ਸਨ। ਬਾਬਰ ਦੀ ਪਾਰੀ ਵਿੱਚ 6 ਚੌਕੇ ਤੇ 2 ਛੱਕੇ ਸ਼ਾਮਲ ਸਨ। ਬੱਲੇਬਾਜ਼ੀ ਵਿੱਚ ਰਿਜ਼ਵਾਨ ਦਾ ਸਟ੍ਰਾਈਕ ਰੇਟ 143.64 ਤੇ ਬਾਬਰ ਆਜ਼ਮ ਦਾ 130.77 ਰਿਹਾ ਸੀ। ਦੋਵੇਂ ਬੱਲੇਬਾਜ਼ ਇੱਕ-ਦੂਜੇ ਨਾਲ ਖੇਡਣ 'ਚ ਕਾਫੀ ਮਾਹਰ ਹਨ।



ਵਨਡੇ 'ਚ ਬਾਬਰ ਦੀ ਔਸਤ 60 ਦੇ ਕਰੀਬ
ਦੱਸ ਦਈਏ ਕਿ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਵਨਡੇ 'ਚ ਕਾਫੀ ਚੰਗੀ ਫਾਰਮ 'ਚ ਨਜ਼ਰ ਆ ਰਹੇ ਹਨ। ਬਾਬਰ ਨੇ 106 ਵਨਡੇ ਮੈਚਾਂ ਦੀਆਂ 103 ਪਾਰੀਆਂ ਵਿੱਚ 59.01 ਦੀ ਔਸਤ ਨਾਲ 5370 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੇ ਬੱਲੇ ਤੋਂ 19 ਸੈਂਕੜੇ ਤੇ 28 ਅਰਧ ਸੈਂਕੜੇ ਲੱਗੇ ਹਨ।


ਮੁਹੰਮਦ ਰਿਜ਼ਵਾਨ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ 63 ਵਨਡੇ ਮੈਚ ਖੇਡ ਚੁੱਕਾ ਹੈ, ਜਿਸ 'ਚ ਉਸ ਨੇ 57 ਪਾਰੀਆਂ 'ਚ 35.66 ਦੀ ਔਸਤ ਨਾਲ 1605 ਦੌੜਾਂ ਬਣਾਈਆਂ ਹਨ। ਰਿਜ਼ਵਾਨ ਨੇ ਇਸ ਦੌਰਾਨ 2 ਸੈਂਕੜੇ ਤੇ 11 ਅਰਧ ਸੈਂਕੜੇ ਲਗਾਏ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।