ਕਹਿੰਦੇ ਹਨ ਕਿ ਜੇਕਰ ਤੁਸੀਂ ਇੱਕ ਵਾਰ ਗਲਤੀ ਕਰ ਲਓ ਤਾਂ ਜੇ ਉਹੀ ਗਲਤੀ ਫਿਰ ਅਗਲੀ ਵਾਰ ਦੁਹਰਾਓਗੇ ਤਾਂ ਉਹੀ ਨਤੀਜਾ ਭੁਗਤਣਾ ਪਵੇਗਾ। ਅਜਿਹਾ ਹੀ ਕੁਝ ਇਸ ਟੀਮ ਨਾਲ ਹੋਇਆ ਹੈ, ਜਿਸ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ। ਅਸੀਂ ਗੱਲ ਕਰ ਰਹੇ ਹਾਂ ਪਾਰਲ ਰਾਇਲਸ ਦੀ, ਜਿਸ ਨੂੰ ਪ੍ਰਿਟੋਰੀਆ ਕੈਪੀਟਲਸ ਨੇ 48 ਘੰਟਿਆਂ 'ਚ 2 ਵਾਰ ਹਰਾਇਆ। ਦੂਜੀ ਵਾਰ ਉਨ੍ਹਾਂ ਨੂੰ ਹਾਰ ਦਾ ਕੌੜਾ ਘੁੱਟ ਪ੍ਰਿਟੋਰੀਆ ਕੈਪੀਟਲਸ ਦੇ ਉਸ ਬੱਲੇਬਾਜ਼ ਨੇ ਪਿਆਇਆ ਹੈ, ਜਿਸ ਦੇ ਨਾਂਅ ਟੀ-20 ਇੰਟਰਨੈਸ਼ਨਲ 'ਚ 48 ਗੇਂਦਾਂ 'ਚ ਸੈਂਕੜਾ ਲਗਾਉਣ ਦਾ ਰਿਕਾਰਡ ਹੈ। ਅਸੀਂ ਗੱਲ ਕਰ ਰਹੇ ਹਾਂ ਰਾਇਲੇ ਰੂਸੋ ਦੀ, ਜਿਸ ਨੇ ਆਪਣੀ ਟੀਮ ਦੀ ਜਿੱਤ ਦਾ ਰਾਹ ਤਿਆਰ ਕਰਦੇ ਹੋਏ SA20 ਲੀਗ 'ਚ ਸ਼ਾਨਦਾਰ ਸਫਲਤਾ ਦਿਵਾਈ।
ਰਾਇਲੇ ਰੂਸੋ ਨੇ ਆਪਣੀ ਟੀਮ ਪ੍ਰਿਟੋਰੀਆ ਕੈਪੀਟਲਜ਼ ਨੂੰ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚਾ ਦਿੱਤਾ ਹੈ। ਪ੍ਰਿਟੋਰੀਆ ਕੈਪੀਟਲਜ਼ ਨੇ SA20 ਦੇ ਪਹਿਲੇ ਸੈਮੀਫਾਈਨਲ 'ਚ ਪਾਰਲ ਰਾਇਲਜ਼ ਨੂੰ 29 ਦੌੜਾਂ ਨਾਲ ਹਰਾਇਆ। ਪਾਰਲ ਰਾਇਲਜ਼ ਨੂੰ 2 ਦਿਨਾਂ 'ਚ ਪ੍ਰਿਟੋਰੀਆ ਕੈਪੀਟਲਜ਼ ਹੱਥੋਂ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਇਹ ਹਾਰ ਪਹਿਲੀ ਨਾਲੋਂ ਜ਼ਿਆਦਾ ਕੌੜੀ ਸੀ। ਅਜਿਹਾ ਇਸ ਲਈ ਕਿਉਂਕਿ ਪਹਿਲੀ ਹਾਰ ਤੋਂ ਬਾਅਦ ਉਨ੍ਹਾਂ ਦੇ ਸੈਮੀਫਾਈਨਲ 'ਚ ਪਹੁੰਚਣ ਦੇ ਨਤੀਜੇ 'ਚ ਕੋਈ ਫਰਕ ਨਹੀਂ ਪਿਆ। ਪਰ ਹੁਣ ਸੈਮੀਫਾਈਨਲ 'ਚ ਪਹੁੰਚਣ ਤੋਂ ਬਾਅਦ ਉਨ੍ਹਾਂ ਦਾ ਫਾਈਨਲ ਖੇਡਣ ਦਾ ਸੁਪਨਾ ਚਕਨਾਚੂਰ ਹੋ ਗਿਆ।
SA20 ਦੇ ਪਹਿਲੇ ਸੈਮੀਫਾਈਨਲ 'ਚ ਪ੍ਰਿਟੋਰੀਆ ਕੈਪੀਟਲਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 8 ਵਿਕਟਾਂ 'ਤੇ 153 ਦੌੜਾਂ ਬਣਾਈਆਂ। ਜਵਾਬ 'ਚ ਪਾਰਲ ਰਾਇਲਸ ਦੀ ਟੀਮ 19 ਓਵਰਾਂ 'ਚ 124 ਦੌੜਾਂ 'ਤੇ ਆਊਟ ਹੋ ਗਈ। ਪ੍ਰਿਟੋਰੀਆ ਦੀ ਜਿੱਤ 'ਚ ਸਭ ਤੋਂ ਵੱਡਾ ਯੋਗਦਾਨ ਰਾਇਲੇ ਰੂਸੋ ਦਾ ਰਿਹਾ, ਜਿਨ੍ਹਾਂ ਨੇ ਸਿਰਫ਼ 41 ਗੇਂਦਾਂ 'ਚ 56 ਦੌੜਾਂ ਬਣਾਈਆਂ। ਇਹ 56 ਦੌੜਾਂ ਬਣਾਉਣ ਲਈ ਉਨ੍ਹਾਂ ਨੇ 56 ਮਿੰਟ ਵੀ ਕ੍ਰੀਜ਼ 'ਤੇ ਬਿਤਾਏ। ਉਨ੍ਹਾਂ ਦੀ ਪਾਰੀ 'ਚ 5 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਦੱਸ ਦੇਈਏ ਕਿ ਇਹ ਉਹੀ ਰਾਇਲੇ ਰੂਸੋ ਹਨ, ਜਿਨ੍ਹਾਂ ਨੇ ਪਿਛਲੇ ਸਾਲ ਅਕਤੂਬਰ 'ਚ ਇੰਦੌਰ 'ਚ ਬੱਲੇ ਨਾਲ ਧਮਾਲ ਮਚਾਈ ਸੀ। ਉਨ੍ਹਾਂ ਨੇ ਦੱਖਣੀ ਅਫਰੀਕਾ ਲਈ ਸਿਰਫ਼ 48 ਗੇਂਦਾਂ ਵਿੱਚ 7 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ ਇੱਕ ਧਮਾਕੇਦਾਰ ਟੀ-20 ਸੈਂਕੜਾ ਲਗਾਇਆ ਸੀ। ਰੂਸੋ ਦਾ ਟੀ-20 ਇੰਟਰਨੈਸ਼ਨਲ 'ਚ ਇਹ ਪਹਿਲਾ ਸੈਂਕੜਾ ਸੀ।
ਰਾਇਲੇ ਰੂਸੋ ਨੇ ਪ੍ਰਿਟੋਰੀਆ ਕੈਪੀਟਲਜ਼ ਨੂੰ ਪਾਰਲ ਰਾਇਲਜ਼ ਦੇ ਖ਼ਿਲਾਫ਼ ਜਿੱਤਣ ਅਤੇ ਫਾਈਨਲ ਲਈ ਟਿਕਟ ਦਿਵਾਉਣ 'ਚ ਸਿਰਫ਼ ਬੱਲੇ ਨਾਲ ਯੋਗਦਾਨ ਨਹੀਂ ਪਾਇਆ। ਇਸ ਦੀ ਬਜਾਇ ਉਨ੍ਹਾਂ ਨੇ ਗੇਂਦ ਨਾਲ ਵੀ ਚਮਤਕਾਰ ਕੀਤਾ ਸੀ। ਸੈਮੀਫਾਈਨਲ ਮੈਚ 'ਚ ਰੂਸੋ ਨੇ 1 ਓਵਰ 'ਚ 3 ਦੌੜਾਂ ਦੇ ਕੇ 1 ਵਿਕਟ ਲਈ, ਜੋ ਕਿ ਓਏਨ ਮੋਰਗਨ ਦੀ ਕੀਮਤੀ ਵਿਕਟ ਸੀ। ਇਸ ਆਲਰਾਊਂਡਰ ਪ੍ਰਦਰਸ਼ਨ ਲਈ ਰਾਇਲੇ ਰੂਸੋ ਨੂੰ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ।