T20 World Cup 2022: ਟੀ-20 ਵਿਸ਼ਵ ਕੱਪ 2022 (T20 World Cup 2022) ਭਾਰਤੀ ਟੀਮ (Team India) ਲਈ ਹੁਣ ਤੱਕ ਬਹੁਤ ਵਧੀਆ ਰਿਹਾ ਹੈ। ਟੀਮ ਇੰਡੀਆ ਨੇ ਚਾਰ 'ਚੋਂ ਤਿੰਨ ਮੈਚ ਜਿੱਤੇ ਹਨ ਅਤੇ ਹੁਣ ਟੀਮ ਦਾ ਸੈਮੀਫਾਈਨਲ 'ਚ ਜਾਣਾ ਲਗਭਗ ਤੈਅ ਹੈ। ਟੀਮ ਆਪਣਾ ਅਗਲਾ ਮੈਚ 6 ਨਵੰਬਰ ਐਤਵਾਰ ਨੂੰ ਜ਼ਿੰਬਾਬਵੇ ਖਿਲਾਫ ਖੇਡੇਗੀ। ਇਸ ਟੀ-20 ਵਿਸ਼ਵ ਕੱਪ 'ਚ ਹੁਣ ਤੱਕ ਟੀਮ ਇੰਡੀਆ ਦੇ ਸਾਰੇ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਟੀਮ ਵੱਲੋਂ ਸ਼ਾਨਦਾਰ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਕੀਤੀ ਗਈ ਹੈ।


ਵਿਰਾਟ-ਅਰਸ਼ਦੀਪ ਨੇ ਕਰ ਦਿੱਤਾ ਕਮਾਲ 


ਇਸ ਸਾਲ ਟੀ-20 ਵਿਸ਼ਵ ਕੱਪ 'ਚ ਭਾਰਤੀ ਟੀਮ ਦੀ ਤਰਫੋਂ ਵਿਰਾਟ ਕੋਹਲੀ ਅਤੇ ਅਰਸ਼ਦੀਪ ਸਿੰਘ ਸਭ ਤੋਂ ਵੱਧ ਚਮਕਦੇ ਨਜ਼ਰ ਆ ਰਹੇ ਹਨ। ਵਿਰਾਟ ਕੋਹਲੀ ਨੇ ਇਸ ਟੀ-20 ਵਿਸ਼ਵ ਕੱਪ 'ਚ ਹੁਣ ਤੱਕ 4 ਪਾਰੀਆਂ 'ਚ 220 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਵਿਕਟਾਂ ਲੈਣ ਦੇ ਮਾਮਲੇ 'ਚ ਕਾਫੀ ਉੱਚੇ ਹਨ। ਉਸ ਨੇ ਹੁਣ ਤੱਕ 4 ਮੈਚਾਂ 'ਚ ਕੁੱਲ 9 ਵਿਕਟਾਂ ਲਈਆਂ ਹਨ। ਅਰਸ਼ਦੀਪ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ।


ਬੰਗਲਾਦੇਸ਼ ਖਿਲਾਫ ਖੇਡੇ ਗਏ ਮੈਚ 'ਚ ਵਿਰਾਟ ਕੋਹਲੀ ਨੇ 44 ਗੇਂਦਾਂ 'ਤੇ 64 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਦੀ ਪਾਰੀ ਵਿੱਚ 8 ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਨੇ ਇਸ ਮੈਚ 'ਚ ਗੇਂਦਬਾਜ਼ੀ ਕਰਦੇ ਹੋਏ 4 ਓਵਰਾਂ 'ਚ 38 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।


ਸਭ ਤੋਂ ਵੱਧ ਦੌੜਾਂ ਬਣਾਉਣ ਦਾ ਬਣਾਇਆ ਰਿਕਾਰਡ


ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਹੁਣ ਟੀ-20 ਵਿਸ਼ਵ ਕੱਪ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਬੰਗਲਾਦੇਸ਼ ਖਿਲਾਫ ਖੇਡਦੇ ਹੋਏ ਉਸ ਨੇ ਇਹ 'ਵਿਰਾਟ' ਰਿਕਾਰਡ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਮਹੇਲਾ ਜੈਵਰਧਨੇ 1016 ਦੌੜਾਂ ਬਣਾ ਕੇ ਇਸ ਰਿਕਾਰਡ 'ਤੇ ਕਾਇਮ ਸਨ। ਹੁਣ ਵਿਰਾਟ ਕੋਹਲੀ ਨੇ 1065 ਦੌੜਾਂ ਬਣਾ ਕੇ ਇਸ 'ਤੇ ਆਪਣਾ ਨਾਂ ਲਿਖ ਲਿਆ ਹੈ। ਵਿਰਾਟ ਨੇ ਸਿਰਫ 23 ਪਾਰੀਆਂ 'ਚ ਇਹ ਅੰਕੜਾ ਛੂਹਿਆ ਹੈ।