ਪਿਛਲੇ 145 ਸਾਲਾਂ ਤੋਂ ਪੂਰੀ ਦੁਨੀਆ 'ਚ ਟੈਸਟ ਕ੍ਰਿਕਟ ਖੇਡਿਆ ਜਾ ਰਿਹਾ ਹੈ। ਕ੍ਰਿਕਟ ਦੇ ਇੰਨੇ ਲੰਬੇ ਇਤਿਹਾਸ 'ਚ ਗੇਂਦ ਜਾਂ ਬੱਲੇ ਨਾਲ ਕਈ ਤਰ੍ਹਾਂ ਦੇ ਰਿਕਾਰਡ ਬਣੇ ਹਨ। ਫਿਰ ਵੀ ਅਕਸਰ ਕੁਝ ਅਨੋਖਾ ਹੁੰਦਾ ਹੈ ਅਤੇ ਅਜਿਹਾ ਖ਼ਾਸ ਰਿਕਾਰਡ ਵੈਸਟਇੰਡੀਜ਼ ਦੇ ਕ੍ਰੈਗ ਬ੍ਰੈਥਵੇਟ ਅਤੇ ਤੇਜਨਰੇਨ ਚੰਦਰਪਾਲ ਨੇ ਬਣਾਇਆ ਹੈ।


ਜ਼ਿੰਬਾਬਵੇ ਦੇ ਖ਼ਿਲਾਫ਼ ਪਹਿਲੇ ਟੈਸਟ ਮੈਚ 'ਚ ਵੈਸਟਇੰਡੀਜ਼ ਦੀ ਇਸ ਸਲਾਮੀ ਜੋੜੀ ਨੇ ਪੂਰੇ 5 ਦਿਨ ਬੱਲੇਬਾਜ਼ੀ ਕਰਕੇ ਇਤਿਹਾਸ ਰਚ ਦਿੱਤਾ। ਇਸ ਤੋਂ ਪਹਿਲਾਂ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਕਿਸੇ ਵੀ ਜੋੜੀ ਨੇ ਸਾਰੇ 5 ਦਿਨ ਬੱਲੇਬਾਜ਼ੀ ਨਹੀਂ ਕੀਤੀ ਸੀ। ਬੁਲਾਵਾਯੋ 'ਚ ਖੇਡਿਆ ਗਿਆ ਟੈਸਟ ਪਹਿਲੇ 2 ਦਿਨ ਮੀਂਹ ਨਾਲ ਪ੍ਰਭਾਵਿਤ ਰਿਹਾ ਅਤੇ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਬਗੈਰ ਕੋਈ ਵਿਕਟ ਗੁਆਏ ਤੀਜੇ ਦਿਨ ਤੱਕ ਬੱਲੇਬਾਜ਼ੀ ਕੀਤੀ। ਇਸ ਤੋਂ ਬਾਅਦ ਚੌਥੇ ਦਿਨ ਜ਼ਿੰਬਾਬਵੇ ਦੀ ਪਹਿਲੀ ਪਾਰੀ ਘੋਸ਼ਿਤ ਕਰਨ ਤੋਂ ਬਾਅਦ ਦੂਜੀ ਪਾਰੀ 'ਚ ਆਖਰੀ ਕੁਝ ਓਵਰਾਂ 'ਚ ਬੱਲੇਬਾਜ਼ੀ ਕੀਤੀ ਅਤੇ ਪੰਜਵੇਂ ਦਿਨ ਇਕੱਠੇ ਬੱਲੇਬਾਜ਼ੀ ਕਰਨ ਲਈ ਉਤਰੇ।


ਇਸ ਦੌਰਾਨ ਦੋਵਾਂ ਬੱਲੇਬਾਜ਼ਾਂ ਨੇ ਨਿੱਜੀ ਪ੍ਰਾਪਤੀਆਂ ਵੀ ਹਾਸਲ ਕੀਤੀਆਂ। ਚੰਦਰਪਾਲ ਨੇ ਵੈਸਟਇੰਡੀਜ਼ ਲਈ ਆਪਣਾ ਸਿਰਫ਼ ਤੀਜਾ ਟੈਸਟ ਖੇਡਦੇ ਹੋਏ ਸ਼ਾਨਦਾਰ ਦੋਹਰਾ ਸੈਂਕੜਾ ਲਗਾਇਆ। ਉਹ 207 ਦੌੜਾਂ ਬਣਾ ਕੇ ਅਜੇਤੂ ਰਹੇ। ਇਸ ਤਰ੍ਹਾਂ ਆਪਣੇ ਮਹਾਨ ਪਿਤਾ ਸ਼ਿਵਨਾਰਾਇਣ ਚੰਦਰਪਾਲ ਦੀ ਤਰ੍ਹਾਂ ਤੇਜਨਰੇਨ ਨੇ ਵੈਸਟਇੰਡੀਜ਼ ਲਈ ਟੈਸਟ 'ਚ ਦੋਹਰਾ ਸੈਂਕੜਾ ਲਗਾਇਆ। ਟੈਸਟ ਕ੍ਰਿਕਟ 'ਚ ਦੋਹਰਾ ਸੈਂਕੜਾ ਲਗਾਉਣ ਵਾਲੀ ਇਹ ਸਿਰਫ਼ ਦੂਜੀ ਪਿਓ-ਪੁੱਤ ਦੀ ਜੋੜੀ ਹੈ। ਇਸ ਦੇ ਨਾਲ ਹੀ ਵੈਸਟਇੰਡੀਜ਼ ਦੇ ਕਪਤਾਨ ਕ੍ਰੇਗ ਬ੍ਰੈਥਵੇਟ ਨੇ 2013 ਤੋਂ ਆਪਣੇ ਸੈਂਕੜਿਆਂ ਦਾ ਸਿਲਸਿਲਾ ਜਾਰੀ ਰੱਖਿਆ ਅਤੇ ਆਪਣਾ 12ਵਾਂ ਟੈਸਟ ਸੈਂਕੜਾ ਲਗਾਇਆ। ਉਨ੍ਹਾਂ ਨੇ 182 ਦੌੜਾਂ ਬਣਾਈਆਂ। ਹਾਲਾਂਕਿ ਉਹ ਦੂਜੀ ਪਾਰੀ 'ਚ 25 ਅਤੇ ਚੰਦਰਪਾਲ 15 ਦੌੜਾਂ ਹੀ ਬਣਾ ਸਕੇ ਅਤੇ ਆਖਰੀ ਦਿਨ ਟੈਸਟ ਡਰਾਅ 'ਤੇ ਖ਼ਤਮ ਹੋਇਆ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।