World Test Championship Points Table: ਭਾਰਤ ਤੇ ਆਸਟ੍ਰੇਲੀਆ ਵਿਚਾਲੇ ਅਹਿਮਦਾਬਾਦ ਟੈਸਟ ਡਰਾਅ ਵੱਲ ਵੱਧ ਰਿਹਾ ਹੈ। ਦਰਅਸਲ, ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ 480 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ 'ਚ ਭਾਰਤੀ ਟੀਮ ਨੇ 10 ਵਿਕਟਾਂ ਗੁਆ ਕੇ ਪਹਿਲੀ ਪਾਰੀ 'ਚ 571 ਦੌੜਾਂ ਬਣਾਈਆਂ। ਭਾਰਤੀ ਟੀਮ ਨੇ ਪਹਿਲੀ ਪਾਰੀ ਦੇ ਆਧਾਰ 'ਤੇ ਆਸਟ੍ਰੇਲੀਆ ਤੋਂ 91 ਦੌੜਾਂ ਦੀ ਲੀਡ ਪ੍ਰਾਪਤ ਕੀਤੀ। ਵਿਰਾਟ ਕੋਹਲੀ ਨੇ 186 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦਕਿ ਅਕਸ਼ਰ ਪਟੇਲ 79 ਦੌੜਾਂ ਬਣਾਈਆਂ। ਚੌਥੇ ਦਿਨ ਦੀ ਖੇਡ ਖ਼ਤਮ ਹੋਣ ਤਕ ਆਸਟ੍ਰੇਲੀਆ ਨੇ 6 ਓਵਰਾਂ 3 ਦੌੜਾਂ ਬਣਾਈਆਂ ਅਤੇ ਕੋਈ ਵਿਕਟ ਨਾ ਗੁਆਈ। ਹੁਣ ਸਵਾਲ ਉੱਠਦਾ ਹੈ ਕਿ ਜੇਕਰ ਅਹਿਮਦਾਬਾਦ ਟੈਸਟ ਡਰਾਅ ਹੁੰਦਾ ਹੈ ਤਾਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਪੁਆਇੰਟ ਟੇਬਲ 'ਤੇ ਕੀ ਅਸਰ ਪਵੇਗਾ? ਕੀ ਇਸ ਡਰਾਅ ਦੇ ਬਾਵਜੂਦ ਟੀਮ ਇੰਡੀਆ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚ ਸਕਦੀ ਹੈ?


ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਕੀ ਹੈ ਸਮੀਕਰਨ?


ਆਸਟ੍ਰੇਲੀਆ ਨੇ ਇੰਦੌਰ ਟੈਸਟ 'ਚ ਭਾਰਤ ਨੂੰ 9 ਵਿਕਟਾਂ ਨਾਲ ਹਰਾਇਆ। ਇਸ ਜਿੱਤ ਤੋਂ ਬਾਅਦ ਕੰਗਾਰੂ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚ ਗਈ ਹੈ। ਇਸ ਦੇ ਨਾਲ ਹੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀ ਟੀਮ ਇੰਡੀਆ ਨਾਲ ਦੌੜ 'ਚ ਸ੍ਰੀਲੰਕਾ ਦੀ ਟੀਮ ਵੀ ਹੈ। ਸ੍ਰੀਲੰਕਾ ਦੀ ਟੀਮ ਨਿਊਜ਼ੀਲੈਂਡ ਨਾਲ ਟੈਸਟ ਸੀਰੀਜ਼ ਖੇਡ ਰਹੀ ਹੈ। ਜੇਕਰ ਅਹਿਮਦਾਬਾਦ ਟੈਸਟ ਡਰਾਅ ਰਿਹਾ ਤਾਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਦੂਜੀ ਟੀਮ ਦਾ ਫ਼ੈਸਲਾ ਨਿਊਜ਼ੀਲੈਂਡ-ਸ੍ਰੀਲੰਕਾ ਮੈਚ ਨਾਲ ਹੋਵੇਗਾ। ਹਾਲਾਂਕਿ ਸ੍ਰੀਲੰਕਾ ਲਈ ਇਹ ਰਸਤਾ ਆਸਾਨ ਨਹੀਂ ਹੈ। ਸ੍ਰੀਲੰਕਾ ਨੂੰ ਫਾਈਨਲ 'ਚ ਪਹੁੰਚਣ ਲਈ ਨਿਊਜ਼ੀਲੈਂਡ ਨੂੰ ਟੈਸਟ ਸੀਰੀਜ਼ 'ਚ 2-0 ਨਾਲ ਹਰਾਉਣਾ ਹੋਵੇਗਾ।


ਫਾਈਨਲ 'ਚ ਕਿਵੇਂ ਪਹੁੰਚ ਸਕਦੀ ਹੈ ਸ੍ਰੀਲੰਕਾ ਦੀ ਟੀਮ?


ਇਸ ਤੋਂ ਇਲਾਵਾ ਭਾਰਤ ਲਈ ਇਹ ਚੰਗੀ ਗੱਲ ਹੈ ਕਿ ਜੇਕਰ ਸ੍ਰੀਲੰਕਾ-ਨਿਊਜ਼ੀਲੈਂਡ ਸੀਰੀਜ਼ 0-0 ਨਾਲ ਡਰਾਅ ਹੁੰਦੀ ਹੈ ਤਾਂ ਇਸ ਸਥਿਤੀ 'ਚ ਟੀਮ ਇੰਡੀਆ ਫਾਈਨਲ 'ਚ ਜਾਵੇਗੀ। ਦੂਜੇ ਪਾਸੇ ਜੇਕਰ ਨਿਊਜ਼ੀਲੈਂਡ ਸੀਰੀਜ਼ 'ਚ ਘੱਟੋ-ਘੱਟ ਇਕ ਮੈਚ ਜਿੱਤ ਲੈਂਦਾ ਹੈ ਤਾਂ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚ ਜਾਵੇਗੀ। ਸ੍ਰੀਲੰਕਾ ਦੀ ਗੱਲ ਕਰੀਏ ਤਾਂ ਇਸ ਟੀਮ ਨੂੰ ਨਿਊਜ਼ੀਲੈਂਡ ਖਿਲਾਫ਼ 2-0 ਨਾਲ ਜਿੱਤ ਦਰਜ ਕਰਨੀ ਹੋਵੇਗੀ। ਇਸ ਦੇ ਨਾਲ ਹੀ ਦੁਆ ਕਰਨੀ ਹੋਵੇਗੀ ਕਿ ਅਹਿਮਦਾਬਾਦ ਟੈਸਟ 'ਚ ਆਸਟ੍ਰੇਲੀਆ ਭਾਰਤੀ ਟੀਮ ਨੂੰ ਹਰਾਏ ਜਾਂ ਮੈਚ ਡਰਾਅ 'ਤੇ ਖਤਮ ਹੋਵੇ। ਮੌਜੂਦਾ ਸਮੇਂ 'ਚ ਆਸਟ੍ਰੇਲੀਆ 68.52 ਫ਼ੀਸਦੀ ਅੰਕਾਂ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ ਸੂਚੀ 'ਚ ਟਾਪ 'ਤੇ ਹੈ। ਕੰਗਾਰੂ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚ ਚੁੱਕੀ ਹੈ, ਜਦਕਿ ਭਾਰਤੀ ਟੀਮ ਦੇ 60.29 ਫ਼ੀਸਦੀ ਅੰਕ ਹਨ। ਜਦਕਿ ਸ੍ਰੀਲੰਕਾ 53.33 ਫ਼ੀਸਦੀ ਅੰਕਾਂ ਨਾਲ ਤੀਜੇ ਨੰਬਰ 'ਤੇ ਹੈ।