Champions Trophy 2025: ਚੈਂਪੀਅਨਜ਼ ਟਰਾਫੀ ਵਿੱਚ ਨਿਊਜ਼ੀਲੈਂਡ ਤੇ ਭਾਰਤ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਪਾਕਿਸਤਾਨ ਦਾ ਸਫ਼ਰ ਖਤਮ ਹੋ ਗਿਆ ਹੈ। ਨਿਊਜ਼ੀਲੈਂਡ ਦੀ ਬੰਗਲਾਦੇਸ਼ ਖ਼ਿਲਾਫ਼ ਜਿੱਤ ਤੋਂ ਬਾਅਦ ਸਿਰਫ਼ ਛੇ ਦਿਨਾਂ ਵਿੱਚ ਹੀ ਪਾਕਿਸਤਾਨ ਚੈਂਪੀਅਨਜ਼ ਟਰਾਫੀ ਤੋਂ ਬਾਹਰ ਹੋ ਗਿਆ। 

ਪਾਕਿਸਤਾਨ ਦੀ ਟੀਮ ਇਸ ਟੂਰਨਾਮੈਂਟ ਦੀ ਮੇਜ਼ਬਾਨ ਸੀ ਪਰ ਲਗਾਤਾਰ ਦੋ ਮੈਚ ਹਾਰਨ ਤੋਂ ਬਾਅਦ, ਇਸ ਦੇ ਬਾਹਰ ਹੋਣ ਨਾਲ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ ਹੈ। ਇਸ ਦੇ ਸਾਬਕਾ ਕ੍ਰਿਕਟਰ ਜਿਵੇਂ ਕਿ ਵਸੀਮ ਅਕਰਮ, ਵਕਾਰ ਯੂਨਿਸ ਅਤੇ ਸ਼ੋਏਬ ਅਖਤਰ ਪੂਰੀ ਪਾਕਿਸਤਾਨ ਟੀਮ ਨੂੰ ਬਦਲਣ ਦੀ ਗੱਲ ਕਰ ਰਹੇ ਹਨ। 

ਇਸ ਦੌਰਾਨ ਯੁਵਰਾਜ ਸਿੰਘ ਦੇ ਪਿਤਾ ਅਤੇ ਟੀਮ ਇੰਡੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਯੋਗਰਾਜ ਸਿੰਘ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਜੇ ਉਨ੍ਹਾਂ ਨੂੰ ਪਾਕਿਸਤਾਨ ਦਾ ਕੋਚ ਬਣਾਇਆ ਜਾਂਦਾ ਹੈ, ਤਾਂ ਉਹ ਇਸ ਟੀਮ ਦੀ ਹਾਲਤ ਅਤੇ ਦਿਸ਼ਾ ਬਦਲ ਦੇਣਗੇ।

ਯੋਗਰਾਜ ਸਿੰਘ ਨੇ ਇਹ ਗੱਲ ਸਪੋਰਟਸ ਨੈਕਸਟ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਹੀ। 'ਕਈ ਵਾਰ ਮੈਨੂੰ ਲੱਗਦਾ ਹੈ ਕਿ ਮੈਨੂੰ ਪਾਕਿਸਤਾਨ ਟੀਮ ਨੂੰ ਫ਼ੋਨ ਕਰਕੇ ਕਹਿਣਾ ਚਾਹੀਦਾ ਹੈ ਕਿ ਜੇ ਤੁਹਾਡੇ ਕੋਲ ਕੋਚ ਨਹੀਂ ਹੈ ਤਾਂ ਇਹ ਟੀਮ ਮੈਨੂੰ ਇੱਕ ਸਾਲ ਲਈ ਦੇ ਦਿਓ। ਮੈਂ ਉਨ੍ਹਾਂ ਨੂੰ ਸ਼ੇਰ ਵਾਂਗ ਬਣਾ ਦਿਆਂਗਾ।' 

ਇਸ ਤੋਂ ਬਾਅਦ ਯੋਗਰਾਜ ਤੋਂ ਪੁੱਛਿਆ ਗਿਆ ਕਿ ਕੀ ਉਹ ਪਾਕਿਸਤਾਨ ਦੇ ਕੋਚ ਬਣਨਗੇ, ਜਿਸ 'ਤੇ ਉਨ੍ਹਾਂ ਕਿਹਾ ਕਿ ਇਸ ਵਿੱਚ ਕੀ ਸਮੱਸਿਆ ਹੈ। ਯੋਗਰਾਜ ਨੇ ਕਿਹਾ, 'ਭਾਰਤ ਤੇ ਪਾਕਿਸਤਾਨ ਦੋ ਭਰਾਵਾਂ ਵਾਂਗ ਹਨ, ਉਹ ਅੱਜ ਨਹੀਂ ਤਾਂ ਕੱਲ੍ਹ ਜ਼ਰੂਰ ਮਿਲਣਗੇ।' ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਪਾਕਿਸਤਾਨੀ ਖਿਡਾਰੀਆਂ ਵਿੱਚ ਪ੍ਰਤਿਭਾ ਹੈ। ਉਨ੍ਹਾਂ ਕੋਲ ਵੱਡੇ ਸਿਤਾਰੇ ਹਨ। ਪਾਕਿਸਤਾਨ ਕੋਲ ਅਜਿਹੇ ਖਿਡਾਰੀ ਹਨ ਜੋ 150 ਤੋਂ ਵੱਧ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰ ਸਕਦੇ ਹਨ, ਪਰ ਇਸ ਟੀਮ ਵਿੱਚ ਇੱਕ ਵਧੀਆ ਸਿਸਟਮ ਦੀ ਘਾਟ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਯੋਗਰਾਜ ਸਿੰਘ ਇੱਕ ਮਜ਼ਬੂਤ ​​ਕੋਚ ਹਨ। ਯੋਗਰਾਜ ਨੇ ਖੁਦ ਭਾਰਤ ਦੇ ਸਭ ਤੋਂ ਵਧੀਆ ਖਿਡਾਰੀਆਂ ਵਿੱਚੋਂ ਇੱਕ ਯੁਵਰਾਜ ਸਿੰਘ ਨੂੰ ਤਿਆਰ ਕੀਤਾ ਹੈ। ਯੋਗਰਾਜ ਦਾ ਪੁੱਤਰ ਯੁਵਰਾਜ ਕਦੇ ਵੀ ਕ੍ਰਿਕਟਰ ਨਹੀਂ ਬਣਨਾ ਚਾਹੁੰਦਾ ਸੀ ਪਰ ਯੋਗਰਾਜ ਦੀ ਲਗਨ ਨੇ ਨਾ ਸਿਰਫ਼ ਯੁਵਰਾਜ ਨੂੰ ਕ੍ਰਿਕਟਰ ਬਣਾਇਆ ਸਗੋਂ ਇਸ ਖਿਡਾਰੀ ਨੇ ਦੇਸ਼ ਨੂੰ ਦੋ ਵਿਸ਼ਵ ਕੱਪ ਵੀ ਜਿੱਤਾਏ। ਹਾਲ ਹੀ ਵਿੱਚ ਯੋਗਰਾਜ ਸਿੰਘ ਨੇ ਸਚਿਨ ਦੇ ਪੁੱਤਰ ਅਰਜੁਨ ਤੇਂਦੁਲਕਰ ਨੂੰ ਵੀ ਕੋਚਿੰਗ ਦਿੱਤੀ ਹੈ।