CWG 2022: ਭਾਰਤ ਦੀ ਮੁੱਕੇਬਾਜ਼ ਨਿਖਤ ਜ਼ਰੀਨ ਨੇ ਵੀ ਗੋਲਡ  'ਤੇ ਕਬਜ਼ਾ ਕਰ ਲਿਆ ਹੈ । ਰਾਸ਼ਟਰਮੰਡਲ ਖੇਡਾਂ ਦੇ 10ਵੇਂ ਦਿਨ ਵੀ ਖਿਡਾਰੀਆਂ ਨੇ ਬੇਹਤਰੀਨ ਪ੍ਰਦਰਸ਼ਨ ਦਿੱਤਾ। ਬਾਕਸਿੰਗ  'ਚ 10ਵੇਂ ਦਿਨ ਤਿੰਨ ਸੋਨ ਤਮਗੇ ਭਾਰਤ ਦੀ ਝੋਲੀ ਪਏ ਹਨ। 48-50 ਕਿਲੋਗ੍ਰਾਮ ਫਲਾਈਵੇਟ ਵਰਗ 'ਚ ਮੁੱਕੇਬਾਜ਼ ਨੇ ਗੋਲਡ ਮੈਡਲ ਜਿੱਤਿਆ। ਉਹਨਾਂ ਨੇ ਉੱਤਰੀ ਆਇਰਲੈਂਡ ਦੀ ਕਾਰਲੀ ਨੂੰ ਹਰਾਇਆ। ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦਾ ਇਹ 48ਵਾਂ ਅਤੇ ਮੁੱਕੇਬਾਜ਼ੀ ਵਿੱਚ ਤੀਜਾ ਸੋਨ ਤਗ਼ਮਾ ਹੈ।


ਉਸਨੇ ਔਰਤਾਂ ਦੇ ਲਾਈਟ ਫਲਾਈ ਵਰਗ ਦੇ ਫਾਈਨਲ ਵਿੱਚ ਉੱਤਰੀ ਆਇਰਲੈਂਡ ਦੀ ਕਾਰਲੇ ਮੈਕਨੌਲ ਨੂੰ 5-0 ਨਾਲ ਹਰਾਇਆ। ਰਾਸ਼ਟਰਮੰਡਲ ਖੇਡਾਂ 'ਚ ਟੀਮ ਇੰਡੀਆ ਦਾ ਇਹ 48ਵਾਂ ਤਮਗਾ ਹੈ। ਜਦਕਿ ਮੁੱਕੇਬਾਜ਼ੀ 'ਚ ਇਹ ਤੀਜਾ ਸੋਨ ਤਗਮਾ ਹੈ। ਦਿਲਚਸਪ ਗੱਲ ਇਹ ਹੈ ਕਿ ਨਿਖਤ ਨੇ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਦੇਸ਼ ਲਈ ਤਮਗਾ ਜਿੱਤਿਆ ਹੈ।


ਨਿਖਤ ਨੇ ਪਹਿਲੇ ਦੌਰ ਤੋਂ ਹੀ ਦਮਦਾਰ ਸ਼ੁਰੂਆਤ ਕੀਤੀ ਅਤੇ ਆਖਰੀ ਦੌਰ ਤੱਕ ਇਸ ਨੂੰ ਬਰਕਰਾਰ ਰੱਖਿਆ। ਉਸ ਨੇ ਇਹ ਮੈਚ 5-0 ਨਾਲ ਜਿੱਤ ਕੇ ਰਿਕਾਰਡ ਬਣਾਇਆ। ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਲਈ ਨਿਖਤ ਦਾ ਇਹ ਪਹਿਲਾ ਤਮਗਾ ਹੈ। ਨਿਖਤ ਤੋਂ ਪਹਿਲਾਂ ਐਤਵਾਰ ਨੂੰ ਹੀ ਮੁੱਕੇਬਾਜ਼ੀ ਵਿੱਚ ਦੋ ਹੋਰ ਸੋਨ ਤਗਮੇ ਹਾਸਲ ਕੀਤੇ ਹਨ। ਮਹਿਲਾ ਵਰਗ ਵਿੱਚ ਨੀਤੂ ਅਤੇ ਪੁਰਸ਼ ਵਰਗ ਵਿੱਚ ਅਮਿਤ ਪੰਘਾਲ ਨੇ ਦੇਸ਼ ਲਈ ਸੋਨ ਤਮਗਾ ਜਿੱਤਿਆ।






 


ਨਿਖਤ ਨੇ ਸੈਮੀਫਾਈਨਲ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਇੰਗਲੈਂਡ ਦੀ ਮੁੱਕੇਬਾਜ਼ ਨੂੰ 5-0 ਨਾਲ ਹਰਾਇਆ ਸੀ। ਇਸ ਮੈਚ ਤੋਂ ਬਾਅਦ ਉਸ ਦੇ ਚਿਹਰੇ 'ਤੇ ਸੋਨ ਜਿੱਤਣ ਦਾ ਆਤਮਵਿਸ਼ਵਾਸ ਸਾਫ਼ ਨਜ਼ਰ ਆ ਰਿਹਾ ਸੀ। ਨਿਖਤ ਨੇ ਸੈਮੀਫਾਈਨਲ ਦੇ ਪ੍ਰਦਰਸ਼ਨ ਨੂੰ ਬਰਕਰਾਰ ਰੱਖਦੇ ਹੋਏ ਫਾਈਨਲ 'ਚ ਵੀ ਪੰਚ ਮਾਰ ਕੇ ਭਾਰਤ ਨੂੰ ਸੋਨ ਤਮਗਾ ਦਿਵਾਇਆ।


ਜ਼ਿਕਰਯੋਗ ਹੈ ਕਿ ਐਤਵਾਰ ਨੂੰ ਖਬਰ ਲਿਖੇ ਜਾਣ ਤੱਕ ਭਾਰਤ ਨੇ ਰਾਸ਼ਟਰਮੰਡਲ ਖੇਡਾਂ 2022 'ਚ 17 ਸੋਨ ਤਗਮੇ ਜਿੱਤੇ ਹਨ। ਟੀਮ ਇੰਡੀਆ ਤਮਗਾ ਸੂਚੀ 'ਚ ਚੌਥੇ ਸਥਾਨ 'ਤੇ ਆ ਗਈ ਹੈ। ਭਾਰਤ ਨੇ ਸੋਨੇ ਦੇ ਨਾਲ 12 ਚਾਂਦੀ ਅਤੇ 19 ਕਾਂਸੀ ਦੇ ਤਗਮੇ ਜਿੱਤੇ ਹਨ। ਉਹ ਹੁਣ ਤੱਕ ਕੁੱਲ 48 ਤਗਮੇ ਜਿੱਤ ਚੁੱਕਾ ਹੈ। ਇਸ ਮਾਮਲੇ 'ਚ ਆਸਟ੍ਰੇਲੀਆ ਪਹਿਲੇ ਸਥਾਨ 'ਤੇ ਹੈ। ਆਸਟ੍ਰੇਲੀਆ ਨੇ 61 ਸੋਨ, 51 ਚਾਂਦੀ ਅਤੇ 52 ਕਾਂਸੀ ਦੇ ਤਗਮੇ ਜਿੱਤੇ ਹਨ।