ਨਵੀਂ ਦਿੱਲੀ - ਰੀਓ ਓਲੰਪਿਕਸ 'ਚ ਭਾਰਤੀ ਕੰਟੀਂਜੈਂਟ ਦੇ ਬ੍ਰੈਂਡ ਅੰਬੈਸਡਰ ਰਹੇ ਸਚਿਨ ਤੇਂਦੁਲਕਰ ਨੇ ਪੀ.ਵੀ. ਸਿੰਧੂ, ਸਾਕਸ਼ੀ ਮਲਿਕ, ਦੀਪਾ ਕਰਮਾਕਰ ਅਤੇ ਕੋਚ ਪੁਲੇਲਾ ਗੋਪੀਚੰਦ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਸ਼ਾਨਦਾਰ ਕਾਰਸ ਗਿਫਟ ਕੀਤੀਆਂ ਸਨ। ਓਲੰਪਿਕਸ ਤੋਂ ਬਾਅਦ ਹੈਦਰਾਬਾਦ 'ਚ ਗੋਪੀਚੰਦ ਦੀ ਅਕੈਡਮੀ 'ਚ ਸਚਿਨ ਨੇ ਇੱਕ ਪ੍ਰੋਗਰਾਮ ਦੌਰਾਨ ਇਹ ਕਾਰਾਂ ਓਲੰਪਿਕਸ 'ਚ ਭਾਰਤ ਲਈ ਦਮਦਾਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਗਿਫਟ ਕੀਤੀਆਂ ਸਨ। ਪਰ ਸਚਿਨ ਦੀ ਦਿੱਤੀ ਕਾਰ ਨੂੰ ਦੀਪਾ ਕਰਮਾਕਰ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਦੀਪਾ ਦੇ ਮਹਿੰਗੀ ਗੱਡੀ ਲੈਣ ਤੋਂ ਇਨਕਾਰ ਕਰਨ ਤੋਂ ਸਭ ਹੈਰਾਨ ਹਨ।
ਅੰਗਰੇਜੀ ਅਖਬਾਰ 'ਟਾਈਮਸ ਆਫ ਇੰਡੀਆ' ਦੀ ਖਬਰ ਅਨੁਸਾਰ ਦੀਪਾ ਦੇ ਕੋਚ ਬਿਸ਼ਵੇਸ਼ਵਰ ਨੰਦੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਦੀਪਾ ਇਸ ਮਹਿੰਗੀ ਕਾਰ ਨੂੰ ਰੱਖਣ ਦੀ ਹਾਲਤ 'ਚ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਦੀਪਾ ਦੇ ਪਰਿਵਾਰ ਵਾਲਿਆਂ ਨੇ ਵੀ ਇਹ ਕਿਹਾ ਹੈ ਕਿ ਓਹ ਇੰਨੀ ਮਹਿੰਗੀ ਕਾਰ ਰੱਖਣ ਦੀ ਹਾਲਤ 'ਚ ਨਹੀਂ ਹਨ। ਉਨ੍ਹਾਂ ਨੇ ਦੱਸਿਆ ਕਿ ਗੱਡੀ ਕਾਫੀ ਮਹਿੰਗੀ ਹੈ ਅਤੇ ਓਹ ਇਸ ਕਾਰ ਦੀ ਸੰਭਾਲ ਨਹੀਂ ਕਰ ਸਕਦੇ। ਦੀਪਾ ਦੇ ਕੋਚ ਨੇ ਦੱਸਿਆ ਕਿ ਤ੍ਰਿਪੁਰਾ 'ਚ ਨਾ ਤਾਂ ਦੀਪਾ ਦੇ ਘਰ ਤਕ ਇਸ ਕਾਰ ਨੂੰ ਲੈ ਜਾਣ ਲਈ ਚੰਗੀਆਂ ਸੜਕਾਂ ਹਨ ਅਤੇ ਨਾ ਹੀ ਉਨ੍ਹਾਂ ਦੇ ਘਰ ਨੇੜੇ ਕੋਈ ਸਰਵਿਸ ਸੈਂਟਰ ਹੈ। ਅਜਿਹੇ 'ਚ ਕਾਰ ਰੱਖਣਾ ਉਨ੍ਹਾਂ ਲਈ ਮੁਸ਼ਕਿਲ ਹੋ ਜਾਵੇਗਾ।
ਰੀਓ ਓਲੰਪਿਕਸ 'ਚ ਭਾਰਤੀ ਮਹਿਲਾ ਅਥਲੀਟਸ ਨੇ ਦਮਦਾਰ ਪ੍ਰਦਰਸ਼ਨ ਕੀਤਾ। ਪੀ.ਵੀ. ਸਿੰਧੂ ਨੇ ਬੈਂਡਮਿੰਟਨ 'ਚ ਨਵਾਂ ਇਤਿਹਾਸ ਰਚਦਿਆਂ ਭਾਰਤ ਲਈ ਸਿਲਵਰ ਮੈਡਲ ਜਿੱਤਿਆ। ਸਾਕਸ਼ੀ ਮਲਿਕ ਰੈਸਲਿੰਗ 'ਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਮਹਿਲਾ ਭਲਵਾਨ ਬਣ ਗਈ। ਜਿਮਨਾਸਟ ਦੀਪਾ ਕਰਮਾਕਰ ਨੇ ਓਲੰਪਿਕਸ 'ਚ ਮੈਡਲ ਤਾਂ ਨਹੀਂ ਜਿੱਤਿਆ ਪਰ ਵਾਲਟ ਈਵੈਂਟ 'ਚ ਦੀਪਾ ਨੇ ਚੌਥਾ ਸਥਾਨ ਹਾਸਿਲ ਕੀਤਾ ਅਤੇ ਇਹ ਵੀ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਸੀ। ਇਸਤੋਂ ਅਲਾਵਾ ਗੋਪੀਚੰਦ ਨੇ ਵੀ ਸਾਇਨਾ ਅਤੇ ਸਿੰਧੂ ਦੇ 2012 ਅਤੇ 2016 'ਚ ਜਿੱਤੇ ਮੈਡਲਸ 'ਚ ਖਾਸ ਯੋਗਦਾਨ ਪਾਇਆ ਸੀ। ਇਸੇ ਕਾਰਨ ਸਚਿਨ ਨੇ ਗੋਪੀਚੰਦ ਨੂੰ ਵੀ ਪਿੱਛੇ ਨਹੀਂ ਛੱਡਿਆ ਅਤੇ ਕੋਚ ਨੂੰ ਵੀ ਕਾਰ ਗਿਫਟ ਕੀਤੀ। ਸਚਿਨ ਨੇ ਇਸਤੋਂ ਪਹਿਲਾਂ ਸਾਇਨਾ ਨਹਿਵਾਲ ਨੂੰ ਵੀ ਇਸੇ ਤਰ੍ਹਾ ਲਗਜਰੀ ਕਾਰ ਗਿਫਟ ਕੀਤੀ ਸੀ।