CSK vs DC: ਆਈਪੀਐਲ 2021 ਦੇ ਦੂਜੇ ਮੁਕਾਬਲੇ 'ਚ ਦਿੱਲੀ ਕੈਪੀਟਲਸ ਨੇ ਚੇਨੱਈ ਸੁਪਰਕਿੰਗਸ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਦਿੱਲੀ ਨੇ ਜਿੱਤ ਦੇ ਨਾਲ ਆਪਣੇ ਅਭਿਆਨ ਦਾ ਆਗਾਜ਼ ਕੀਤਾ। ਚੇਨੱਈ ਨੇ ਪਹਿਲਾਂ ਖੇਡਦਿਆਂ 20 ਓਵਰਾਂ 'ਚ ਸੱਤ ਵਿਕਟਾਂ ਦੇ ਨੁਕਸਾਨ ਤੇ 188 ਰਨ ਬਣਾਏ ਸਨ। ਇਸ ਦੇ ਜਵਾਬ 'ਚ ਦਿੱਲੀ ਨੇ 18.4 ਓਵਰਾਂ 'ਚ ਤਿੰਨ ਵਿਕਟਾਂ ਗਵਾ ਕੇ ਆਸਾਨੀ ਨਾਲ ਟੀਚਾ ਮੁਕੰਮਲ ਕਰ ਲਿਆ।


ਦਿੱਲੀ ਦੀ ਇਸ ਜਿੱਤ ਦੇ ਹੀਰੋ ਰਹੇ ਸ਼ਿਖਰ ਧਵਨ ਤੇ ਪ੍ਰਿਥਵੀ ਸ਼ਾਅ। ਧਵਨ ਨੇ 54 ਗੇਂਦਾਂ 'ਚ 85 ਦੌੜਾਂ ਬਣਾਈਆਂ। ਆਪਣੀ ਇਸ ਪਾਰੀ 'ਚ ਉਨ੍ਹਾਂ 10 ਚੌਕੇ ਤੇ ਦੋ ਛੱਕੇ ਜੜੇ। ਉੱਥੇ ਹੀ ਸ਼ਾਅ ਨੇ  38 ਗੇਂਦਾਂ 'ਚ 72 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 9 ਚੌਕੇ ਤੇ ਤਿੰਨ ਛੱਕੇ ਨਿੱਕਲੇ। ਇਨ੍ਹਾਂ ਦੋਵਾਂ ਨੇ ਪਹਿਲੇ ਵਿਕੇਟ ਲਈ 13.3 ਓਵਰਾਂ 'ਚ 138 ਰਨ ਜੋੜ ਕੇ ਆਪਣੀ ਟੀਮ ਦੀ ਜਿੱਤ ਤੈਅ ਕਰ ਦਿੱਤੀ ਸੀ।


ਇਸ ਤੋਂ ਬਾਅਦ ਤਿੰਨ ਨੰਬਰ ਤੇ ਬੈਟਿੰਗ ਕਰਨ ਆਏ ਕਪਤਾਨ ਰਿਸ਼ਭ ਪੰਤ 12 ਗੇਂਦਾਂ 'ਚ ਦੋ ਚੌਕਿਆਂ ਦੀ ਮਦਦ ਨਾਲ 15 ਦੌੜਾਂ ਬਣਾ ਕੇ ਨਾਬਾਦ ਰਹੇ। ਉੱਥੇ ਹੀ ਮਾਰਕਸ ਸਟੋਇਨਿਸ ਨੇ 9 ਗੇਂਦਾਂ 'ਚ ਤਿੰਨ ਚੌਕਿਆਂ ਦੇ ਨਾਲ 14 ਦੌੜਾਂ ਬਣਾਈਆਂ। ਪੰਤ ਨੇ ਸ਼ਾਰਦੁਲ ਠਾਕੁਰ ਦੀ ਗੇਂਦ 'ਤੇ ਚੌਕਾ ਲਾਕੇ ਟੀਮ ਨੂੰ ਜਿੱਤ ਦਿਵਾਈ। ਉੱਥੇ ਹੀ ਚੇਨੱਈ ਲਈ ਸ਼ਾਰੁਦੁਲ ਠਾਕੁਰ ਨੇ ਦੋ ਤੇ ਡਵੇਨ ਬ੍ਰਾਵੋ ਨੇ ਇਕ ਵਿਕੇਟ ਲਿਆ।


ਇਸ ਤੋਂ ਪਹਿਲਾਂ ਚੇਨੱਈ ਨੇ ਸੁਰੇਸ਼ ਰੈਨਾ 54 ਦੇ ਅਰਧ ਸੈਂਕੜੇ ਤੇ ਸੈਮ ਕਰੇਨ 15 ਗੇਂਦਾਂ ਤੇ 14 ਰਨ ਤੇ ਰਵਿੰਦਰ ਜਡੇਜਾ 17 ਗੇਦਾਂ ਤੇ ਨਾਬਾਦ 26 ਰਨ ਦੀ ਵਿਸਫੋਟਕ ਪਾਰੀ ਦੇ ਦਮ ਤੇ 20 ਓਵਰ 'ਚ 188 ਦੋੜਾਂ ਬਣਾਈਆਂ ਸਨ। ਦਿੱਲੀ ਲਈ ਤੇਜ਼ ਗੇਂਦਬਾਜ਼ ਆਵੇਸ਼ ਖਾਨ ਤੇ ਕ੍ਰਿਸ ਵੋਕਸ ਨੇ ਦੋ-ਦੋ ਵਿਕੇਟ ਲਏ ਜਦਕਿ ਰਵੀਚੰਦਰਨ ਅਸ਼ਵਿਨ ਤੇ ਟੌਮ ਕਰਨ ਨੇ ਇਕ-ਇਕ ਵਿਕੇਟ ਲਿਆ।


ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਚੇਨੱਈ ਦੀ ਸ਼ੁਰੂਆਤ ਖਰਾਬ ਰਹੀ ਤੇ ਉਸ ਨੇ ਫਾਫ ਡੂ ਪਲੇਸਿਸ ਦਾ ਵਿਕੇਟ ਕੁੱਲ ਸੱਤ ਰਨ ਦੇ ਸਕੋਰ ਤੇ ਗਵਾ ਦਿੱਤਾ। ਡੂ ਪਲੇਸਿਸ ਤਿੰਨ ਗੇਂਦਾਂ ਖੇਡੇ ਖਾਤਾ ਖੋਲੇ ਬਿਨਾਂ ਆਊਟ ਹੋ ਗਏ। ਇਸ ਤੋਂ ਕੁਝ ਸਮਾਂ ਬਾਅਦ ਹੀ ਟੀਮ ਦੇ ਇਸ ਸਕੋਰ 'ਤੇ ਰਿਤੂਰਾਜ ਗਾਇਕਵਾੜ ਆਪਣਾ ਵਿਕੇਟ ਗਵਾ ਬੈਠੇ। ਉਨ੍ਹਾਂ ਅੱਠ ਗੇਂਦਾ ਤੇ ਇਕ ਚੌਕੇ ਦੀ ਮਦਦ ਨਾਲ ਪੰਜ ਰਨ ਬਣਾਏ।


ਸ਼ੁਰੂਆਤੀ ਝਟਕਿਆਂ 'ਚ ਮੋਇਨ ਅਲੀ ਤੇ ਰੈਨਾ ਨੇ ਪਾਰੀ ਸੰਭਾਲਣ ਦੀ ਕੋਸ਼ਿਸ਼ ਕੀਤੀ ਤੇ ਦੋਵੇਂ ਬੱਲੇਬਾਜ਼ਾਂ ਦੇ ਵਿਚ ਤੀਜੇ ਵਿਕੇਟ ਲਈ 53 ਦੌੜਾਂ ਦੀ ਸਾਂਝੇਦਾਰੀ ਹੋਈ। ਹਾਲਾਂਕਿ ਮੋਇਨ, ਅਸ਼ਵਿਨ ਦੀ ਗੇਂਦ ਤੇ ਸ਼ਿਖਰ ਧਵਨ ਨੂੰ ਕੈਚ ਦੇਕੇ ਆਊਟ ਹੋ ਗਏ। ਮੋਇਨ ਨੇ 24 ਗੇਂਦਾਂ ਟਤੇ ਚਾਰ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 36 ਦੌੜਾਂ ਬਣਾਈਆਂ।


ਇਹ ਸਾਂਝੇਦਾਰੀ ਟੁੱਟਣ ਤੋਂ ਬਾਅਦ ਅੰਬਾਤੀ ਰਾਇਡੂ ਤੇ ਰੈਨਾ ਨੇ ਚੌਥੇ ਵਿਕੇਟ ਲਈ 63 ਰਨ ਜੋੜੇ ਪਰ ਰਾਇਡੂ 16 ਗੇਂਦਾਂ 'ਤੇ ਇਕ ਚੌਕੇ ਤੇ ਦੋ ਛੱਕਿਆਂ ਦੀ ਮਦਦ ਨਾਲ 23 ਰਨ ਦੇਕੇ ਆਊਟ ਹੋਏ।


ਰੈਨਾ ਨੇ ਇਸ ਤੋਂ ਬਾਅਦ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਪਰ ਉਹ ਰਨ ਆਊਟ ਹੋਕੇ ਪਵੇਲੀਅਨ ਪਰਤ ਗਏ। ਰੈਨਾ ਦੇ ਆਊਟ ਹੋਣ ਮਗਰੋਂ ਕਪਤਾਨ ਮਹੇਂਦਪਸ ਸਿੰਘ ਧੋਨੀ ਖਾਤਾ ਖੋਲੇ ਬਿਨਾਂ ਹੀ ਬੋਲਡ ਹੋ ਗਏ। ਧੋਨੀ ਲੰਬੇ ਸਮੇਂ ਬਾਅਦ ਮੈਦਾਨ 'ਤੇ ਉੱਤਰੇ ਸਨ ਪਰ ਇਸ ਸੀਜ਼ਨ ਦੇ ਪਹਿਲੇ ਮੈਚ ਵਿਚ ਉਹ ਬੱਲੇ ਦਾ ਕ੍ਰਿਸ਼ਮਾ ਨਹੀਂ ਦਿਖਾ ਸਕੇ।