ਇੰਗਲੈਂਡ ਨੇ ਆਸਟ੍ਰੇਲੀਆ ਨੂੰ ਦੂਜੇ ਵਨਡੇ ਚ 24 ਰਨ ਨਾਲ ਹਰਾ ਦਿੱਤਾ। ਤਿੰਨ ਮੈਚਾਂ ਦੀ ਵਨਡੇ ਸੀਰੀਜ਼ 1-1 ਨਾਲ ਬਰਾਬਰ ਹੋ ਗਈ ਹੈ। ਪਹਿਲੇ ਮੈਚ ਵਿੱਚ ਆਸਟ੍ਰੇਲੀਆ ਨੇ 19 ਰਨ ਨਾਲ ਇੰਗਲੈਂਡ ਨੂੰ ਹਰਾਇਆ ਸੀ। ਦੂਜੇ ਵਨਡੇ ਵਿੱਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਤੇ ਕੰਗਾਰੂਆਂ ਸਾਹਮਣੇ 232 ਰਨ ਦਾ ਟੀਚਾ ਰੱਖਿਆ। ਜਵਾਬ ਵਿੱਚ ਆਸਟ੍ਰੇਲੀਆ ਦੀ ਸ਼ੁਰੂਆਤ ਖਰਾਬ ਰਹੀ। ਆਸਟ੍ਰੇਲਿਆਈ ਟੀਮ 207 ਰਨ 'ਤੇ ਹੀ ਢੇਰ ਹੋ ਗਈ। ਡੇਵਿਡ ਵਾਰਨਰ ਲਗਾਤਾਰ ਦੂਜੇ ਵਨਡੇ ਵਿੱਚ ਫਲੌਰ ਰਹੇ। ਵਾਰਨਰ ਨੂੰ ਜੋਫਰਾ ਆਰਚਰ ਨੇ ਪਵੇਲੀਅਨ ਭੇਜਿਆ।

ਕਪਤਾਨ ਐਰੋਨ ਫਿੰਚ ਨੇ 73 ਰਨ ਦੀ ਪਾਰੀ ਖੇਡੀ। 2019 ਵਿਸ਼ਵ ਕੱਪ ਤੋਂ ਬਾਅਦ ਆਸਟ੍ਰੇਲੀਆ ਦਾ ਵਨਡੇ ਵਿੱਚ ਰਿਕਾਰਡ ਚੰਗਾ ਨਹੀਂ ਰਿਹਾ। ਟੂਰਨਾਮੈਂਟ ਤੋਂ ਮਗਰੋਂ ਆਸਟ੍ਰੇਲੀਆ ਨੇ 9 ਮੈਚ ਖੇਡੇ ਜਿਨ੍ਹਾਂ ਵਿੱਚੋਂ 3 ਚ ਹੀ ਜਿੱਤ ਮਿਲੀ ਜਦਕਿ 6 ਮੈਚ ਗਵਾ ਦਿੱਤੇ। ਇਸ ਦੌਰਾਨ ਪੰਜ ਜਾਂ ਉਸ ਤੋਂ ਵੱਧ ਮੈਚ ਖੇਡਣ ਵਾਲੀ 14 ਟੀਮਾਂ ਦੇ ਵਿਚਕਾਰ ਆਸਟ੍ਰੇਲੀਆ ਦਾ ਤੀਜਾ ਸਭ ਤੋਂ ਖਰਾਬ ਵਿਨਿੰਗ ਪਰਸੈਂਟੇਜ ਰਿਹਾ। ਸੀਰੀਜ਼ ਦਾ ਆਖਰੀ ਮੁਕਾਬਲਾ 16 ਸਤੰਬਰ ਨੂੰ ਖੇਡਿਆ ਜਾਵੇਗਾ।