ਇੰਗਲੈਂਡ ਦੀ ਟੀਮ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਯੂਰੋ ਕੱਪ 2024 ਦੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਸ਼ਨੀਵਾਰ ਨੂੰ ਸਵਿਟਜ਼ਰਲੈਂਡ ਖਿਲਾਫ ਖੇਡੇ ਗਏ ਰੋਮਾਂਚਕ ਮੈਚ 'ਚ ਟੀਮ ਨੇ ਪੈਨਲਟੀ ਸ਼ੂਟ ਆਊਟ 'ਚ ਯੂਰਪੀ ਫੁੱਟਬਾਲ ਚੈਂਪੀਅਨਸ਼ਿਪ (Euro 2024) ਦੇ ਆਖਰੀ ਚਾਰ 'ਚ ਜਗ੍ਹਾ ਬਣਾਈ। 2021 ਵਿੱਚ ਉਪ ਜੇਤੂ ਰਹੀ ਟੀਮ ਨੇ ਇੱਕ ਵਾਰ ਫਿਰ ਖਿਤਾਬ ਵੱਲ ਕਦਮ ਵਧਾਏ ਹਨ। ਫਾਈਨਲ 'ਚ ਜਗ੍ਹਾ ਬਣਾਉਣ ਲਈ ਇੰਗਲੈਂਡ ਦਾ ਸਾਹਮਣਾ ਹੁਣ ਬੁੱਧਵਾਰ ਨੂੰ ਡਾਰਟਮੰਡ 'ਚ ਨੀਦਰਲੈਂਡ ਨਾਲ ਹੋਵੇਗਾ।
ਸ਼ਨੀਵਾਰ 6 ਜੁਲਾਈ ਨੂੰ ਸਵਿਟਜ਼ਰਲੈਂਡ ਅਤੇ ਇੰਗਲੈਂਡ ਵਿਚਾਲੇ ਯੂਰੋ ਕੱਪ 'ਚ ਬੇਹੱਦ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। ਵਾਧੂ ਸਮੇਂ ਤੋਂ ਬਾਅਦ ਵੀ ਮੈਚ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਸ਼ੂਟ ਆਊਟ ਵਿੱਚ ਇੰਗਲੈਂਡ ਨੇ 5-3 ਨਾਲ ਜਿੱਤ ਦਰਜ ਕੀਤੀ। ਇੰਗਲੈਂਡ ਲਈ ਜਿਵੇਂ ਹੀ ਟ੍ਰੇਂਟ ਅਲੈਗਜ਼ੈਂਡਰ-ਆਰਨੋਲਡ ਨੇ ਪੰਜਵੀਂ ਅਤੇ ਆਖਰੀ ਪੈਨਲਟੀ ਕਿੱਕ 'ਤੇ ਗੋਲ ਕੀਤਾ ਤਾਂ ਟੀਮ ਦੇ ਖਿਡਾਰੀਆਂ ਅਤੇ ਪ੍ਰਸ਼ੰਸਕ ਖੁਸ਼ੀ ਨਾਲ ਝੂਮ ਉਠੇ।
ਬੁਕਾਯੋ ਸਾਕਾ ਦੀ ਪੈਨਲਟੀ ਕਿੱਕ ਬਚਾਏ ਜਾਣ ਕਾਰਨ ਇੰਗਲੈਂਡ ਨੂੰ ਯੂਰੋ 2021 ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸ਼ਨੀਵਾਰ ਨੂੰ ਉਨ੍ਹਾਂ ਨੇ ਵੀ ਸ਼ੂਟ ਆਊਟ 'ਚ ਗੋਲ ਕੀਤਾ। ਇਸ ਤੋਂ ਪਹਿਲਾਂ ਉਸ ਨੇ 80ਵੇਂ ਮਿੰਟ ਵਿੱਚ ਗੋਲ ਕਰਕੇ ਮੈਚ ਨੂੰ ਵਾਧੂ ਸਮੇਂ ਵੱਲ ਖਿੱਚ ਲਿਆ ਸੀ। ਅਲੈਗਜ਼ੈਂਡਰ-ਆਰਨੋਲਡ ਅਤੇ ਸਾਕਾ ਤੋਂ ਇਲਾਵਾ ਕੋਲ ਪਾਮਰ, ਜੂਡ ਬੇਲਿੰਘਮ ਅਤੇ ਇਵਾਨ ਟੋਨੀ ਨੇ ਵੀ ਪੈਨਲਟੀ ਸ਼ੂਟ ਆਊਟ ਵਿੱਚ ਇੰਗਲੈਂਡ ਲਈ ਗੋਲ ਕੀਤੇ।
ਸਵਿਸ ਟੀਮ ਕਦੇ ਵੀ ਕਿਸੇ ਵੱਡੇ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਨਹੀਂ ਪਹੁੰਚੀ ਹੈ। ਤਿੰਨ ਸਾਲ ਪਹਿਲਾਂ ਸਪੇਨ ਖਿਲਾਫ ਮਿਲੀ ਹਾਰ ਤੋਂ ਬਾਅਦ ਟੀਮ ਪੈਨਲਟੀ ਸ਼ੂਟਆਊਟ 'ਚ ਹਾਰ ਕੇ ਲਗਾਤਾਰ ਦੂਜੀ ਵਾਰ ਯੂਰਪੀਅਨ ਚੈਂਪੀਅਨਸ਼ਿਪ ਤੋਂ ਬਾਹਰ ਹੋ ਗਈ ਸੀ। ਸਵਿਟਜ਼ਰਲੈਂਡ ਨੇ 75ਵੇਂ ਮਿੰਟ ਵਿੱਚ ਬ੍ਰੀਏਲ ਐਂਬੋਲੋ ਦੀ ਮਦਦ ਨਾਲ ਲੀਡ ਹਾਸਲ ਕੀਤੀ ਪਰ ਸਾਕਾ ਨੇ ਪੰਜ ਮਿੰਟ ਬਾਅਦ ਹੀ ਇੰਗਲੈਂਡ ਲਈ ਬਰਾਬਰੀ ਕਰ ਦਿੱਤੀ, ਜਿਸ ਨਾਲ ਮੈਚ ਨੂੰ ਵਾਧੂ ਸਮੇਂ ਅਤੇ ਫਿਰ ਸ਼ੂਟ ਆਊਟ ਵਿੱਚ ਭੇਜਿਆ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।