ਪੁਣੇ: ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਬੋਰਡ 'ਤੇ 336 ਰਨ ਬਣਾ ਕੇ ਇੰਗਲੈਂਡ ਅੱਗੇ ਔਖਾ ਟੀਚਾ ਰੱਖਿਆ ਪਰ ਜੌਨੀ ਬੇਅਰਸਟੋ ਦੇ ਸ਼ਾਨਦਾਰ ਸੈਂਕੜੇ ਤੇ ਬੇਨ ਸਟੋਕਸ ਦੀਆਂ 99 ਦੌੜਾਂ ਦੀ ਬਦੌਲਤ ਇੰਗਲੈਂਡ ਨੇ ਆਸਾਨੀ ਨਾਲ ਇਹ ਟੀਚਾ ਹਾਸਲ ਕਰ ਲਿਆ।


ਇੰਗਲੈਂਡ ਕਪਤਾਨ ਮਾਰਗਨ ਦੀ ਗੈਰਹਜ਼ਾਰੀ 'ਚ ਜੋਸ ਬਟਲਰ ਦੀ ਅਗਵਾਈ 'ਚ ਖੇਡਣ ਉੱਤਰਿਆ। ਟੌਸ ਇੰਗਲੈਂਡ ਨੇ ਜਿੱਤਿਆ ਤੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਬੁਲਾਇਆ। ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਸ਼ਿਖਰ ਧਵਨ ਸਿਰਫ 4 ਦੌੜਾਂ ਬਣਾ ਕੇ ਆਊਟ ਹੋ ਗਏ। ਰੋਹਿਤ ਸ਼ਰਮਾ ਵੀ 25 ਦੌੜਾਂ ਬਣਾ ਕੇ ਆਊਟ ਹੋ ਗਏ।


ਇਸ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਤੇ ਕੇਐਲਰਾਹੁਲ ਨੇ ਸੈਂਕੜੇ ਦੀ ਸਾਂਝੇਦਾਰੀ ਕਰਦਿਆਂ ਭਾਰਤ ਨੂੰ ਵੱਡੇ ਸਕੋਰ ਵੱਲ ਪਹੁੰਚਾਇਆ। ਕੋਹਲੀ ਨੇ 66 ਦੌੜਾਂ ਬਣਾਈਆਂ। ਰਾਹੁਲ ਨੇ ਸ਼ਾਨਦਾਰ ਸੈਂਕੜਾ ਜੜਿਆ। ਇਸ ਤੋਂ ਬਾਅਦ ਰਿਸ਼ਭ ਪੰਤ ਨੇ ਤਾਬੜਤੋੜ 77 ਦੌੜਾਂ ਬਣਾਈਆਂ ਤੇ ਹਾਰਦਿਕ ਪਾਂਡਿਆ ਨੇ ਵੀ ਤੇਜ਼ ਤਰਾਰ 35 ਦੌੜਾਂ ਬਣਾਈਆਂ।


ਜਵਾਬ 'ਚ ਇੰਗਲੈਂਡ ਨੇ ਚੰਗੀ ਸ਼ੁਰੂਆਤ ਕੀਤੀ। ਜੇਸਨ ਰੌਏ ਨੇ ਅਰਧ ਸੈਂਕੜਾ ਜੜਿਆ। ਰੋਹਿਤ ਨੇ ਸ਼ਾਨਦਾਰ ਫੀਲਡਿੰਗ ਦੀ ਵਜ੍ਹਾ ਨਾਲ ਰਾਏ ਰਨਆਊਟ ਹੋਏ। ਇਸ ਤੋਂ ਬਾਅਦ ਬੇਨ ਸਟੋਕਸ ਤੇ ਜੌਨੀ ਬੇਅਰਸਟੋ ਨੇ ਮੈਚ ਨੂੰ ਬਿਲਕੁਲ ਇਕਤਰਫਾ ਬਣਾ ਦਿੱਤਾ। ਬੇਨ ਸਟੋਕਸ ਨੇ 10 ਛੱਕੇ ਜੜੇ। ਜੌਨੀ ਬੇਅ੍ਰਸਟੋ ਨੇ ਸੈਂਕੜਾ ਜੜਿਆ ਉੱਥੇ ਹੀ ਬੇਨ ਸਟੋਕਸ 99 ਰਨ ਦੇ ਸਕੋਰ ਤੇ ਪ੍ਰਸਿੱਧ ਕ੍ਰਿਸ਼ਣਾ ਦਾ ਸ਼ਿਕਾਰ ਬਣੇ। ਇੰਗਲੈਂਡ ਨੇ ਪਾਰੀ ਦੇ 44 ਓਵਰ 'ਚ ਹੀ ਜਿੱਤ ਲਈ ਜ਼ਰੂਰੀ 337 ਰਨ ਬਣਾ ਕੇ ਇਹ ਮੁਕਾਬਲਾ ਇਕਤਰਫਾ ਅੰਦਾਜ਼ 'ਚ ਜਿੱਤ ਲਿਆ।


ਭਾਰਤ ਦੀ ਗੇਂਦਬਾਜ਼ੀ ਇਸ ਪੂਰੇ ਮੁਕਾਬਲੇ 'ਚ ਬੇਦਮ ਨਜ਼ਰ ਆਈ। ਅਜਿਹਾ ਲੱਗਾ ਨਹੀਂ ਕਿ ਭਾਰਤ ਕਦੇ ਵੀ ਮੈਚ 'ਚ ਜਿੱਤਣ ਵੱਲ ਵਧ ਰਿਹਾ ਹੈ। ਗੇਂਦਬਾਜ਼ ਵਿਕੇਟ ਲਈ ਤਰਸਦੇ ਨਜ਼ਰ ਆਏ। ਭਾਰਤ ਦੇ ਸਪਿਨਰ ਕੁਲਦੀਪ ਯਾਦਵ ਤੇ ਕ੍ਰਣਾਲ ਪਾਂਡਿਆ ਬੇਹੱਦ ਮਹਿੰਗੇ ਸਾਬਤ ਹੋਏ। ਤਿੰਨ ਮੈਚਾਂ ਦੀ ਇਹ ਸੀਰੀਜ਼ ਹੁਣ 1-1 ਨਾਲ ਬਰਾਬਰ ਹੋ ਗਈ ਹੈ। ਤੀਜਾ ਮੁਕਾਬਲਾ ਵੀ ਪੁਨੇ ਖੇਡਿਆ ਜਾਵੇਗਾ। ਅੰਤਿਮ ਮੁਕਾਬਲੇ 'ਚ ਹੀ ਇਹ ਤੈਅ ਹੋਵੇਗਾ ਕਿ ਸੀਰੀਜ਼ ਦਾ ਜੇਤੂ ਕੌਣ ਬਣੇਗਾ।