Wayne Rooney FIFA World Cup 2022: ਇੰਗਲੈਂਡ ਨੇ ਬੀਤੀ ਰਾਤ ਫੀਫਾ ਵਿਸ਼ਵ ਕੱਪ 2022 ਵਿੱਚ ਆਪਣਾ ਦੂਜਾ ਮੈਚ ਖੇਡਿਆ। ਅਮਰੀਕਾ ਖਿਲਾਫ਼ ਖੇਡਿਆ ਗਿਆ ਮੈਚ ਗੋਲ ਰਹਿਤ ਡਰਾਅ ਰਿਹਾ। ਇਸ ਮੈਚ ਨਾਲ ਇੰਗਲੈਂਡ ਦੇ ਡਿਫੈਂਡਰ ਹੈਰੀ ਮੈਗੁਇਰ ਨੇ ਵੀ ਆਪਣੇ 50 ਅੰਤਰਰਾਸ਼ਟਰੀ ਮੈਚ ਪੂਰੇ ਕਰ ਲਏ ਹਨ। ਭਾਵੇਂ ਮੈਗੁਇਰ ਡਰਾਅ ਤੋਂ ਨਾਖੁਸ਼ ਦਿਖਾਈ ਦੇ ਰਿਹਾ ਸੀ, ਪਰ ਉਹਨਾਂ ਨੂੰ ਇੰਗਲੈਂਡ ਦੇ ਸਾਬਕਾ ਮਹਾਨ ਖਿਡਾਰੀ ਵੇਨ ਰੂਨੀ ਤੋਂ ਪ੍ਰਸ਼ੰਸਾ ਮਿਲੀ ਹੈ। ਰੂਨੀ ਨੇ ਮੈਗੁਇਰ ਨੂੰ 50 ਮੈਚ ਪੂਰੇ ਕਰਨ ਦੀ ਪ੍ਰਾਪਤੀ 'ਤੇ ਵਧਾਈ ਦਿੱਤੀ ਹੈ।


ਮੈਗੁਇਰ ਨੇ ਮੈਚ ਤੋਂ ਬਾਅਦ ਟਵਿੱਟਰ 'ਤੇ ਲਿਖਿਆ, "ਅੱਜ ਰਾਤ ਜਿੱਤ ਨਾ ਮਿਲਣ 'ਤੇ ਨਿਰਾਸ਼ ਹਾਂ, ਪਰ ਫਿਰ ਵੀ ਇੰਗਲੈਂਡ ਲਈ ਆਪਣੇ 50 ਮੈਚ ਪੂਰੇ ਕਰਨਾ ਮੇਰੇ ਲਈ ਵੱਡੀ ਪ੍ਰਾਪਤੀ ਹੈ। ਹੁਣ ਤੱਕ ਦੇ ਸਫਰ 'ਤੇ ਕਈ ਸ਼ਾਨਦਾਰ ਯਾਦਾਂ ਹਨ ਅਤੇ ਮੈਨੂੰ ਉਮੀਦ ਹੈ ਕਿ ਅਜੇ ਵੀ ਹੋਰ ਬਹੁਤ ਕੁਝ ਆਉਣ ਵਾਲਾ ਹੈ। ਮੇਰੇ ਪਰਿਵਾਰ, ਸਟਾਫ਼, ਸਾਥੀ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਸਾਰੇ ਸਮਰਥਨ ਲਈ ਬਹੁਤ ਬਹੁਤ ਧੰਨਵਾਦ।"


ਮੈਗੁਇਰ ਦੀ ਇਸ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਰੂਨੀ ਨੇ ਉਸ ਨੂੰ 50 ਮੈਚ ਪੂਰੇ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਅਮਰੀਕਾ ਖਿਲਾਫ਼ ਉਹਨਾਂ ਦੇ ਪ੍ਰਦਰਸ਼ਨ ਦੀ ਤਾਰੀਫ ਵੀ ਕੀਤੀ।


ਇੰਗਲੈਂਡ ਦਾ ਹੁਣ ਤੱਕ ਦਾ ਰਿਹੈ ਪ੍ਰਦਰਸ਼ਨ ਚੰਗਾ


ਇੰਗਲੈਂਡ ਨੇ ਇਰਾਨ ਖ਼ਿਲਾਫ਼ 6-2 ਦੇ ਫਰਕ ਨਾਲ ਵੱਡੀ ਜਿੱਤ ਨਾਲ ਵਿਸ਼ਵ ਕੱਪ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਸ ਨੂੰ ਅਮਰੀਕਾ ਖਿਲਾਫ ਗੋਲ ਰਹਿਤ ਡਰਾਅ ਖੇਡਣਾ ਪਿਆ। ਦੋ ਮੈਚਾਂ ਵਿੱਚ ਚਾਰ ਅੰਕਾਂ ਨਾਲ ਇੰਗਲੈਂਡ ਆਪਣੇ ਗਰੁੱਪ ਵਿੱਚ ਪਹਿਲੇ ਸਥਾਨ ’ਤੇ ਬਣਿਆ ਹੋਇਆ ਹੈ ਅਤੇ ਉਸ ਕੋਲ ਅਗਲੇ ਦੌਰ ਵਿੱਚ ਆਸਾਨੀ ਨਾਲ ਜਾਣ ਦਾ ਮੌਕਾ ਹੈ। ਇੰਗਲੈਂਡ ਦਾ ਅਗਲਾ ਮੈਚ ਵੇਲਜ਼ ਨਾਲ ਹੋਣ ਜਾ ਰਿਹਾ ਹੈ।