ਕ੍ਰਿਸਟੀਆਨੋ ਰੋਨਾਲਡੋ ਦੀ ਪੁਰਤਗਾਲ ਟੀਮ ਯੂਰੋ 2024 ਦੇ ਕੁਆਰਟਰ ਫਾਈਨਲ ਤੋਂ ਬਾਹਰ ਹੋ ਗਈ ਹੈ। ਕਾਇਲੀਅਨ ਐਮਬਾਪੇ ਦੀ ਅਗਵਾਈ ਵਿੱਚ ਫਰਾਂਸ ਨੇ ਪੁਰਤਗਾਲ ਨੂੰ ਪੈਨਲਟੀ ਸ਼ੂਟਆਊਟ ਵਿੱਚ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।


ਇਸ ਤੋਂ ਪਹਿਲਾਂ ਖੇਡੇ ਗਏ ਪਹਿਲੇ ਕੁਆਰਟਰ ਫਾਈਨਲ ਵਿੱਚ ਸਪੇਨ ਨੇ ਜਰਮਨੀ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ ਸੀ। ਹੁਣ ਸੈਮੀਫਾਈਨਲ ਦਾ ਪਹਿਲਾ ਮੈਚ ਫਰਾਂਸ ਅਤੇ ਸਪੇਨ ਵਿਚਾਲੇ ਖੇਡਿਆ ਜਾਵੇਗਾ।


ਪੈਨਲਟੀ ਸ਼ੂਟਆਊਟ ਵਿੱਚ ਫਰਾਂਸ ਨੇ ਮਿਲੇ ਸਾਰੇ 5 ਮੌਕਿਆਂ ਨੂੰ ਗੋਲ ਵਿੱਚ ਤਬਦੀਲ ਕੀਤਾ
ਜਰਮਨੀ ਦੇ ਹੈਮਬਰਗ ਦੇ ਵੋਕਸਪਾਰਕ ਸਟੇਡੀਅਮ ਵਿੱਚ ਖੇਡੇ ਗਏ ਦੂਜੇ ਕੁਆਰਟਰ ਫਾਈਨਲ ਮੈਚ ਵਿੱਚ ਫਰਾਂਸ ਅਤੇ ਪੁਰਤਗਾਲ ਦੀਆਂ ਟੀਮਾਂ ਨਿਰਧਾਰਤ ਸਮੇਂ ਵਿੱਚ ਕੋਈ ਗੋਲ ਨਹੀਂ ਕਰ ਸਕੀਆਂ। ਇਸ ਤੋਂ ਬਾਅਦ ਮੈਚ ਦਾ ਫੈਸਲਾ ਪੈਨਲਟੀ ਸ਼ੂਟਆਊਟ ਵਿੱਚ ਹੋਇਆ। ਫਰਾਂਸ ਨੇ ਪੈਨਲਟੀ ਸ਼ੂਟ ਆਊਟ ਵਿੱਚ ਸਾਰੇ ਪੰਜ ਮੌਕਿਆਂ ਨੂੰ ਗੋਲ ਵਿੱਚ ਤਬਦੀਲ ਕੀਤਾ ਜਦਕਿ ਪੁਰਤਗਾਲ ਦੀ ਟੀਮ ਸਿਰਫ਼ ਤਿੰਨ ਗੋਲ ਕਰ ਸਕੀ।


ਐਮਬਾਪੇ ਸੱਟ ਕਾਰਨ ਪੈਨਲਟੀ ਸ਼ੂਟਆਊਟ ਵਿੱਚ ਨਹੀਂ ਲੈ ਸਕੇ ਹਿੱਸਾ 
ਐਮਬਾਪੇ ਸੱਟ ਕਾਰਨ ਪੈਨਲਟੀ ਸ਼ੂਟਆਊਟ ਵਿੱਚ ਹਿੱਸਾ ਨਹੀਂ ਲੈ ਸਕੇ। ਉਸ ਨੂੰ ਵਾਧੂ ਸਮੇਂ ਵਿੱਚ ਸਬਸੀਚਿਊਟ ਵਜੋਂ ਖੇਡਾਇਆ ਜਾਣਾ ਸੀ, ਪਰ ਨੱਕ ਟੁੱਟਣ ਕਾਰਨ ਉਸ ਨੂੰ ਨਹੀਂ ਖੇਡਾਇਆ ਗਿਆ।


ਸਪੇਨ ਛੇਵੀਂ ਵਾਰ ਸੈਮੀਫਾਈਨਲ 'ਚ ਪਹੁੰਚਿਆ, ਮੇਜ਼ਬਾਨ ਜਰਮਨੀ ਬਾਹਰ
ਸਪੇਨ ਦੀ ਫੁੱਟਬਾਲ ਟੀਮ ਯੂਰੋ ਕੱਪ ਦੀ ਸਭ ਤੋਂ ਸਫਲ ਟੀਮ ਬਣਨ ਦੀ ਦੌੜ ਵਿੱਚ ਬਣੀ ਹੋਈ ਹੈ। ਸ਼ੁੱਕਰਵਾਰ ਨੂੰ ਸਪੇਨ ਅਤੇ ਜਰਮਨੀ ਵਿਚਾਲੇ ਕੁਆਰਟਰ ਫਾਈਨਲ ਮੁਕਾਬਲਾ ਹੋਇਆ। ਇਸ ਵਿੱਚ ਸਪੇਨ ਨੇ ਮੇਜ਼ਬਾਨ ਜਰਮਨੀ ਨੂੰ 2-1 ਨਾਲ ਹਰਾ ਕੇ ਬਾਹਰ ਕਰ ਦਿੱਤਾ। ਇਹ ਦੋਵੇਂ ਟੀਮਾਂ ਰਿਕਾਰਡ ਤਿੰਨ-ਤਿੰਨ ਵਾਰ ਦੀ ਚੈਂਪੀਅਨ ਹਨ।


ਜਰਮਨੀ ਦੇ ਬਾਹਰ ਹੋਣ ਨਾਲ ਉਸ ਦੀਆਂ ਚੌਥੀ ਵਾਰ ਜੇਤੂ ਬਣਨ ਦੀਆਂ ਉਮੀਦਾਂ ਖਤਮ ਹੋ ਗਈਆਂ। ਇਸ ਦੇ ਨਾਲ ਹੀ ਸਪੇਨ ਹੁਣ 14 ਜੁਲਾਈ ਨੂੰ ਹੋਣ ਵਾਲੇ ਫਾਈਨਲ ਦੀ ਦੌੜ ਵਿੱਚ ਹੈ। ਸਪੇਨ ਕੁੱਲ ਮਿਲਾ ਕੇ ਛੇਵੀਂ ਵਾਰ ਅਤੇ ਲਗਾਤਾਰ ਦੂਜੀ ਵਾਰ ਸੈਮੀਫਾਈਨਲ ਵਿੱਚ ਪਹੁੰਚਿਆ ਹੈ।


ਮੈਰੀਨੋ ਨੇ ਐਕਸਟਰਾ ਸਮੇਂ ਵਿੱਚ ਹੈਡਰ ਕਰਕੇ ਜਿਤਾਇਆ


ਸਟਟਗਾਰਟ ਦੇ ਐਮਐਚਪੀ ਅਰੇਨਾ ਵਿੱਚ ਪਹਿਲੇ ਹਾਫ ਵਿੱਚ ਸਪੇਨ ਜਾਂ ਜਰਮਨੀ ਵਲੋਂ ਕੋਈ ਵੀ ਗੋਲ ਨਹੀਂ ਹੋਇਆ। ਮੈਚ ਦੇ ਦੂਜੇ ਹਾਫ ਦੀ ਸ਼ੁਰੂਆਤ ਤੋਂ ਥੋੜ੍ਹੀ ਦੇਰ ਬਾਅਦ, 51ਵੇਂ ਮਿੰਟ ਵਿੱਚ, ਦਾਨੀ ਓਲਮੋ ਨੇ ਲਾਮਿਨ ਯਾਮਲ ਦੀ ਸਹਾਇਤਾ 'ਤੇ ਗੋਲ ਕਰਕੇ ਸਪੇਨ ਨੂੰ 1-0 ਨਾਲ ਅੱਗੇ ਕਰ ਦਿੱਤਾ। ਮੈਚ ਆਖ਼ਰੀ ਪਲਾਂ ਵੱਲ ਵਧ ਰਿਹਾ ਸੀ, ਜਦੋਂ 89ਵੇਂ ਮਿੰਟ ਵਿੱਚ ਫਲੋਰੀਅਨ ਵਿਰਟਜ਼ ਨੇ ਜੋਸ਼ੂਆ ਕਿਮਿਚ ਦੀ ਸਹਾਇਤਾ 'ਤੇ ਗੋਲ ਕਰਕੇ ਜਰਮਨੀ ਨੂੰ 1-1 ਨਾਲ ਬਰਾਬਰੀ ਦਿਵਾਈ। 21 ਸਾਲ ਅਤੇ 63 ਦਿਨ ਦੇ ਵਿਰਟਜ਼ ਯੂਰੋ ਕੱਪ ਦੇ ਨਾਕਆਊਟ ਮੈਚਾਂ ਵਿੱਚ ਜਰਮਨੀ ਦੇ ਸਭ ਤੋਂ ਘੱਟ ਉਮਰ ਦੇ ਗੋਲ ਕਰਨ ਵਾਲੇ ਖਿਡਾਰੀ ਬਣੇ। ਨਿਰਧਾਰਿਤ ਸਮੇਂ ਤੱਕ ਇਹ ਸਕੋਰ ਰਿਹਾ। ਫਿਰ ਵਾਧੂ ਸਮੇਂ (119ਵੇਂ ਮਿੰਟ) ਵਿੱਚ ਓਲਮੋ ਦੇ ਅਸਿਸਟ ’ਤੇ ਮਾਈਕਲ ਮੇਰਿਨੋ ਨੇ ਹੈਡਰ ’ਤੇ ਗੋਲ ਕਰਕੇ ਸਪੇਨ ਨੂੰ 2-1 ਨਾਲ ਜਿੱਤ ਦਿਵਾਈ। ਮੈਚ ਦੇ 120+5 ਮਿੰਟ ਵਿੱਚ ਸਪੇਨ ਦੇ ਡੇਨੀ ਕਾਰਵਾਜਾਲ ਨੂੰ ਰੈੱਡ ਕਾਰਡ ਦਿਖਾਇਆ ਗਿਆ।


ਜਰਮਨੀ ਦੇ ਟੋਨੀ ਕਰੂਜ਼ ਨੇ 14 ਸਾਲ ਦੇ ਕਰੀਅਰ ਨੂੰ ਅਲਵਿਦਾ ਕਿਹਾ
ਜਰਮਨੀ ਦੇ 34 ਸਾਲਾ ਟੋਨੀ ਕਰੂਜ਼ ਨੇ ਫੁੱਟਬਾਲ ਨੂੰ ਅਲਵਿਦਾ ਕਹਿ ਦਿੱਤਾ। ਕਰੂਜ਼ ਨੇ ਯੂਰੋ ਕੱਪ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਸਨੇ ਆਪਣੇ ਕਰੀਅਰ ਵਿੱਚ 928 ਮੈਚਾਂ ਵਿੱਚ 261 ਗੋਲ ਕੀਤੇ। ਕਰੂਜ਼ ਨੇ 33 ਟਰਾਫੀਆਂ ਜਿੱਤੀਆਂ। ਉਸਨੇ 2010 ਵਿੱਚ ਜਰਮਨੀ ਲਈ ਆਪਣੀ ਸ਼ੁਰੂਆਤ ਕੀਤੀ। ਪਿਛਲੇ ਮਹੀਨੇ, ਕਰੂਜ਼ ਨੇ ਕਲੱਬ ਫੁੱਟਬਾਲ ਵਿੱਚ ਆਪਣਾ ਆਖਰੀ ਮੈਚ ਵੀ ਖੇਡਿਆ, ਜਿੱਥੇ ਉਸਨੇ ਰੀਅਲ ਮੈਡਰਿਡ ਲਈ ਚੈਂਪੀਅਨਜ਼ ਲੀਗ ਦਾ ਖਿਤਾਬੀ ਮੁਕਾਬਲਾ ਜਿੱਤਿਆ।