Harbhajan on Indian Spinners: ਹਾਲ ਹੀ 'ਚ ਕ੍ਰਿਕਟ ਦੇ ਸਾਰੇ ਫਾਰਮੈਂਟਾ ਤੋਂ ਸੰਨਿਆਸ ਲੈ ਚੁੱਕੇ ਹਰਭਜਨ ਸਿੰਘ ਨੇ ਭਾਰਤੀ ਸਪਿਨਰ ਆਰ ਅਸ਼ਵਿਨ ਦੇ ਵਨਡੇ ਅੰਤਰਰਾਸ਼ਟਰੀ ਮੈਚਾਂ 'ਚ ਪ੍ਰਦਰਸ਼ਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਸੀਨੀਅਰ ਗੇਂਦਬਾਜ਼ ਆਰ ਅਸ਼ਵਿਨ ਦੀ ਥਾਂ ਵਨਡੇ ਵਿੱਚ ਕੁਲਦੀਪ ਯਾਦਵ ਤੇ ਯੁਜਵੇਂਦਰ ਚਾਹਲ ਦੀ ਜੋੜੀ ਨੂੰ ਅਜ਼ਮਾਉਣ ਦਾ ਸੁਝਾਅ ਦਿੱਤਾ ਹੈ। ਹਰਭਜਨ ਨੇ ਇਸ ਪਿੱਛੇ ਕਈ ਤਰਕ ਦਿੱਤੇ ਹਨ।

ਹਰਭਜਨ ਨੇ ਕਿਹਾ ਹੈ ਕਿ ਟੀਮ ਇੰਡੀਆ ਦੇ ਸਪਿਨ ਗੇਂਦਬਾਜ਼ ਵਨਡੇ ਕ੍ਰਿਕਟ 'ਚ ਮੱਧ ਓਵਰਾਂ 'ਚ ਸੰਘਰਸ਼ ਕਰਦੇ ਨਜ਼ਰ ਆਉਂਦੇ ਹਨ। ਹੁਣ ਸਮਾਂ ਆ ਗਿਆ ਹੈ ਕਿ ਇਸ ਫਾਰਮੈਟ 'ਚ ਰਵੀਚੰਦਰਨ ਅਸ਼ਵਿਨ ਤੋਂ ਅੱਗੇ ਜਾ ਕੇ 'ਕੁਲਚਾ' ਦੀ ਯੁਜਵੇਂਦਰ ਚਾਹਲ ਤੇ ਕੁਲਦੀਪ ਯਾਦਵ ਦੀ ਜੋੜੀ ਨੂੰ ਵਾਪਸ ਲਿਆਇਆ ਜਾਵੇ।

ਹਰਭਜਨ ਨੇ ਕਿਹਾ ਕਿ ਆਰ ਅਸ਼ਵਿਨ ਇੱਕ ਚੈਂਪੀਅਨ ਗੇਂਦਬਾਜ਼ ਹੈ, ਪਰ ਮੈਨੂੰ ਲੱਗਦਾ ਹੈ ਕਿ ਹੁਣ ਭਾਰਤ ਲਈ ਵਨਡੇ ਕ੍ਰਿਕਟ 'ਚ ਉਨ੍ਹਾਂ ਦੇ ਬਦਲ ਦਾ ਸਮਾਂ ਆ ਗਿਆ ਹੈ। ਟੀਮ ਇੰਡੀਆ ਨੂੰ ਸ਼ਾਇਦ ਅਜਿਹੇ ਗੇਂਦਬਾਜ਼ ਦੀ ਜ਼ਰੂਰਤ ਹੈ ਜੋ ਗੇਂਦ ਨੂੰ ਅੰਦਰ ਤੇ ਬਾਹਰ ਲੈ ਜਾ ਸਕੇ। ਕੁਲਦੀਪ ਯਾਦਵ ਇੱਕ ਚੰਗਾ ਵਿਕਲਪ ਹੋ ਸਕਦਾ ਹੈ। ਕਿਉਂ ਨਾ ਅਸੀਂ 'ਕੁਲਚਾ' ਕਾਂਬੀਨੇਸ਼ਨ 'ਤੇ ਵਾਪਸ ਜਾਈਏ? ਉਨ੍ਹਾਂ ਭਾਰਤ ਲਈ ਕਈ ਮੈਚ ਜਿੱਤੇ ਹਨ। ਉਸ ਦੀ ਵਾਪਸੀ ਚੰਗੀ ਗੱਲ ਹੋਵੇਗੀ।

ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਖਿਲਾਫ ਖੇਡੀ ਗਈ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਭਾਰਤ ਨੂੰ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਫ ਸਪਿਨਰ ਰਵੀਚੰਦਰਨ ਅਸ਼ਵਿਨ ਤੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਦੀ ਜੋੜੀ ਭਾਰਤ ਲਈ ਕੋਈ ਕਮਾਲ ਨਹੀਂ ਦਿਖਾ ਸਕੀ ਸੀ।

ਇਸ ਦੇ ਉਲਟ ਦੱਖਣੀ ਅਫਰੀਕਾ ਦੇ ਸਪਿੰਨਰ ਤਬਰੇਜ਼ ਸ਼ਮਸੀ, ਕੇਸ਼ਵ ਮਹਾਰਾਜ ਤੇ ਪਾਰਟ ਟਾਈਮ ਗੇਂਦਬਾਜ਼ ਏਡਨ ਮਾਰਕਰਮ ਦੀ ਤਿਕੜੀ ਨੇ ਬਹੁਤ ਵਧੀਆ ਗੇਂਦਬਾਜ਼ੀ ਕੀਤੀ ਸੀ। 35 ਸਾਲਾ ਅਸ਼ਵਿਨ ਨੇ 2017 ਤੋਂ ਬਾਅਦ ਵਨਡੇ ਟੀਮ 'ਚ ਵਾਪਸੀ ਕੀਤੀ। ਦੱਖਣੀ ਅਫਰੀਕਾ ਖਿਲਾਫ ਦੋ ਮੈਚਾਂ 'ਚ ਉਸ ਨੂੰ ਸਿਰਫ ਇਕ ਵਿਕਟ ਮਿਲੀ ਸੀ। ਉਹ ਵਿਰੋਧੀ ਬੱਲੇਬਾਜ਼ਾਂ ਦੇ ਸਾਹਮਣੇ ਸੰਘਰਸ਼ ਕਰਦੇ ਨਜ਼ਰ ਆਏ।