ਹਰਮਨਪ੍ਰੀਤ ਕੌਰ ਨੇ ਕੀਤਾ ਸ਼ੇਫਾਲੀ ਵਰਮਾ ਦਾ ਬਚਾਅ, ਅਜੇ ਬਹੁਤ ਕੁਝ ਸਿੱਖਣਾ ਬਾਕੀ
ਏਬੀਪੀ ਸਾਂਝਾ | 09 Mar 2020 03:31 PM (IST)
ਹਰਮਨਪ੍ਰੀਤ ਕੌਰ ਨੇ ਸ਼ੇਫਾਲੀ ਵਰਮਾ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਸਿਰਫ 16 ਸਾਲਾਂ ਦੀ ਹੈ। ਇਹ ਉਸ ਦਾ ਪਹਿਲਾ ਵਿਸ਼ਵ ਕੱਪ ਸੀ। ਉਸ ਨੇ ਅਜੇ ਬਹੁਤ ਕੁਝ ਸਿੱਖਣਾ ਹੈ।
ਨਵੀਂ ਦਿੱਲੀ: ਬੀਤੇ ਦਿਨੀਂ ਭਾਰਤ ਤੇ ਆਸਟਰੇਲੀਆ ਵਿਚਾਲੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ 'ਚ ਆਸਟਰੇਲੀਆ ਨੇ ਭਾਰਤ ਨੂੰ 85 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਆਸਟਰੇਲੀਆ ਨੇ ਹੁਣ 5ਵੀਂ ਵਾਰ ਵਿਸ਼ਵ ਟੀ-20 ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। 16 ਸਾਲਾ ਓਪਨਰ ਬੱਲੇਬਾਜ਼ ਸ਼ੇਫਾਲੀ ਵਰਮਾ, ਜਿਸ ਨੇ ਭਾਰਤ ਲਈ ਪੂਰਾ ਟੂਰਨਾਮੈਂਟ ਖੇਡਿਆ, ਪਰ ਉਹ ਫਾਈਨਲ ਮੈਚ 'ਚ ਸਿਰਫ ਦੋ ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਦੇ ਨਾਲ ਹੀ ਉਸ ਨੇ ਮੈਚ ਦੀ ਸ਼ੁਰੂਆਤ 'ਚ ਐਲਿਸਾ ਹਿਲੀ ਦਾ ਕੈਚ ਵੀ ਛੱਡ ਦਿੱਤਾ ਜੋ ਬਾਅਦ 'ਚ ਭਾਰਤ ਲਈ ਬਹੁਤ ਮਹਿੰਗਾ ਸਾਬਤ ਹੋਇਆ। ਹਿਲੀ 75 ਦੌੜਾਂ ਬਣਾ ਕੇ ਆਊਟ ਹੋ ਗਈ। ਇਸ 'ਤੇ ਹੁਣ ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ੇਫਾਲੀ ਬਾਰੇ ਕਿਹਾ,' 'ਉਹ ਸਿਰਫ 16 ਸਾਲਾਂ ਦੀ ਹੈ ਤੇ ਆਪਣਾ ਪਹਿਲਾ ਵਿਸ਼ਵ ਕੱਪ ਖੇਡ ਰਹੀ ਹੈ। ਉਸ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਇੱਕ 16 ਸਾਲਾਂ ਦੀ ਲੜਕੀ ਲਈ ਪੂਰੇ ਮੈਚ 'ਚ ਆਤਮ-ਵਿਸ਼ਵਾਸ ਨਾਲ ਭਰਿਆ ਰਹਿਣਾ ਮੁਸ਼ਕਲ ਹੈ। ਇਹ ਉਨ੍ਹਾਂ ਲਈ ਇੱਕ ਸਬਕ ਸੀ ਕਿ ਤੁਹਾਡੇ ਨਾਲ ਮੈਚ ਦੇ ਵਿਚਕਾਰ ਕੁਝ ਵੀ ਹੋ ਸਕਦਾ ਹੈ। ਅਸੀਂ ਉਸ ਨੂੰ ਇਸ ਲਈ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਕਿਉਂਕਿ ਉਸ ਦੀ ਜਗ੍ਹਾ ਹੋਰ ਖਿਡਾਰੀ ਵੀ ਸੀ। ਅਸੀਂ ਆਸਟਰੇਲੀਆਈ ਬੱਲੇਬਾਜ਼ਾਂ ਨੂੰ ਇੱਕ ਮੌਕਾ ਦਿੱਤਾ, ਜਿਸ ਤੋਂ ਅਸੀਂ ਹਾਰ ਗਏ। ਅਸੀਂ ਦਬਾਅ ਹੇਠ ਨਹੀਂ ਖੇਡ ਸਕੇ। ਅਜਿਹੀ ਸਥਿਤੀ 'ਚ ਇਹ ਹਰ ਇੱਕ ਲਈ ਸਬਕ ਹੁੰਦਾ ਹੈ ਕਿ ਜਦੋਂ ਤੁਸੀਂ ਫੀਲਡਿੰਗ ਕਰ ਰਹੇ ਹੋ, ਤਾਂ ਤੁਹਾਨੂੰ ਫੀਲਡ 'ਚ ਆਪਣਾ 100 ਪ੍ਰਤੀਸ਼ਤ ਦੇਣਾ ਪਵੇਗਾ।" ਆਸਟਰੇਲੀਆ ਨੇ ਭਾਰਤ ਦੇ ਸਾਹਮਣੇ 185 ਦੌੜਾਂ ਦਾ ਟੀਚਾ ਰੱਖਿਆ ਸੀ। ਇਸ ਸਕੋਰ ਦਾ ਪਿੱਛਾ ਕਰਨ 'ਚ ਟੀਮ ਇੰਡੀਆ ਪੂਰੀ ਤਰ੍ਹਾਂ ਨਾਕਾਮਯਾਬ ਰਹੀ ਤੇ ਪੂਰੀ ਟੀਮ ਸਿਰਫ 99 ਦੌੜਾਂ 'ਤੇ ਆਲ ਆਊਟ ਹੋ ਗਈ।