ਲੁਧਿਆਣਾ: ਮਾਤਾ ਸਾਹਿਬ ਕੌਰ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਖੇਡ ਵਿਭਾਗ ਅਤੇ ਹਾਕੀ ਇੰਡੀਆ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 8ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਮਾਸਟਰ ਹਾਕੀ ਫੈਸਟੀਵਲ ਟੂਰਨਾਮੈਂਟ ਬੀਤੀ ਰਾਤ ਬਰਸਾਤੀ ਮੌਸਮ ਹੋਣ ਦੇ ਬਾਵਜੂਦ ਧੂਮ ਧੜੱਕੇ ਨਾਲ ਸ਼ੁਰੂ ਹੋਇਆ। ਇਸ ਟੂਰਨਾਮੈਂਟ ਵਿਚ ਸੀਨੀਅਰ ਅਤੇ ਜੂਨੀਅਰ ਵਰਗ ਦੀਆਂ 15 ਟੀਮਾਂ ਹਿੱਸਾ ਲੈ ਰਹੀਆਂ ਹਨ। ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਨੀਲੇ ਅਤੇ ਲਾਲ ਰੰਗ ਦੀ ਐਸਟੋਟਰਫ ਦੇ ਮੈਦਾਨ ਉਤੇ ਫਲੱਡ ਲਾਈਟਾਂ ਦੀ ਰੌਸ਼ਨੀ 'ਚ ਖੇਡੇ ਗਏ।   ਪਹਿਲੇ ਮੈਚਾਂ ਵਿਚ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਗੁਰੂ ਗੋਬਿੰਦ ਸਿੰਘ ਕਲੱਬ ਮੋਗਾ ਤੇ ਨੀਟਾ ਕਲੱਬ ਰਾਮਪੁਰ ਨੇ ਆਪਣੀ ਜੇਤੂ ਮੁਹਿੰਮ ਦਾ ਆਗਾਜ਼ ਕੀਤਾ। ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਨੇ ਮਾਸਟਰ ਰਾਮ ਸਿੰਘ ਕਲੱਬ ਚਚਰਾੜੀ (ਜਗਰਾਉਂ) ਨੂੰ 8-5 ਨਾਲ ਹਰਾਇਆ। ਅੱਧੇ ਸਮੇਂ ਤਕ ਦੋਵੇਂ ਟੀਮਾਂ 3-3 ’ਤੇ ਬਰਾਬਰ ਸਨ। ਕਿਲ੍ਹਾ ਰਾਏਪੁਰ ਦੀ ਜਿੱਤ ਦਾ ਮੁੱਖ ਹੀਰੋ ਨਵਜੋਤ ਸਿੰਘ ਰਿਹਾ ਜਿਸ ਨੇ ਦੂਸਰੇ ਅੱਧ ਵਿਚ ਉਪਰੋਥਲੀ 5 ਗੋਲ ਕਰਕੇ ਮੈਚ ਦਾ ਪਾਸਾ ਹੀ ਪਲਟ ਦਿੱਤਾ। ਕਿਲ੍ਹਾ ਰਾਏਪੁਰ ਵੱਲੋਂ ਨਵਜੋਤ ਸਿੰਘ ਨੇ 5, ਸੰਦੀਪ ਸਿੰਘ, ਸਤਵਿੰਦਰ ਸਿੰਘ ਅਤੇ ਸਤਵੀਰ ਸਿੰਘ ਨੇ 1-1 ਗੋਲ ਕੀਤਾ। ਜਦਕਿ ਜਗਰਾਉਂ ਵੱਲੋਂ ਗੁਰਵਿੰਦਰ ਸਿੰਘ ਨੇ 2, ਗੁਰਕਰਨ ਸਿੰਘ ਅਮਨਦੀਪ ਸਿੰਘ, ਤਨਵੀਰ ਸਿੰਘ ਨੇ 1-1 ਗੋਲ ਕੀਤਾ। ਅੱਜ ਦੇ ਦੂਸਰੇ ਮੁਕਾਬਲੇ ਵਿਚ ਨੀਟਾ ਕਲੱਬ ਰਾਮਪੁਰ ਨੇ ਸ਼ਹੀਦ ਊਧਮ ਸਿੰਘ ਕਲੱਬ ਸੁਨਾਮ ਨੂੰ 9-4 ਦੀ ਕਰਾਰੀ ਮਾਤ ਦਿੱਤੀ। ਅੱਧੇ ਸਮੇਂ ਤਕ ਮੁਕਾਬਲਾ 3-3 ਦੇ ਬਰਾਬਰ ਸੀ। ਮੈਚ ਦੇ ਆਖਰੀ ਕੁਆਟਰ ਵਿਚ ਸੁਨਾਮ ਦਾ ਕਿਲ੍ਹਾ ਢਹਿ ਢੇਰੀ ਹੋਇਆ ਜਿਸ ਨਾਲ ਰਾਮਪੁਰ ਨੂੰ ਵੱਡੀ ਜਿੱਤ ਮਿਲੀ। ਜੇਤੂ ਟੀਮ ਵੱਲੋਂ ਲਵਜੀਤ ਸਿੰਘ ਨੇ 4, ਰਵੀਦੀਪ ਤੇ ਰਵਿੰਦਰ ਨੇ 2-2, ਰਜਿੰਦਰ ਸਿੰਘ ਨੇ 1 ਗੋਲ ਕੀਤਾਸੁਨਾਮ ਵਲੋਂ ਸੰਜੇ ਅਤੇ ਗੁਰਪ੍ਰੀਤ ਨੇ 2-2 ਗੋਲ ਕੀਤੇ। ਖੇਡੇ ਗਏ ਆਖਰੀ ਮੈਚ ਵਿਚ ਗੁਰੂ ਗੋਬਿੰਦ ਸਿੰਘ ਕਲੱਬ ਮੋਗਾ ਨੇ ਯੰਗ ਸਪੋਰਟਸ ਕਲੱਬ ਸਮਰਾਲਾ ਨੂੰ 5-3 ਨਾਲ ਹਰਾਇਆ। ਅੱਧੇ ਸਮੇਂ ਤਕ 1-0 ਨਾਲ ਅੱਗੇ ਸੀ। ਇਸ ਹਾਕੀ ਫੈਸਟੀਵਲ ਦੇ ਸਾਰੇ ਮੇਚ ਸ਼ਨਿਚਰਵਾਰ ਤੇ ਐਤਵਾਰ ਨੂੰ ਫਲੱਡ ਲਾਈਟਾਂ ਦੀ ਰੌਸ਼ਨੀ ਵਿਚ ਹੋਣਗੇ ਜਦਕਿ ਫਾਈਨਲ ਮੁਕਾਬਲਾ 3 ਜੂਨ ਨੂੰ ਖੇਡਿਆ ਜਾਵੇਗਾ।