ਮਨਵੀਰ ਕੌਰ ਰੰਧਾਵਾ

ਚੰਡੀਗੜ੍ਹ: ਹਾਕੀ ਦੇ ਮਹਾਨ ਖਿਡਾਰੀ (Olympic hockey player) ਬਲਬੀਰ ਸਿੰਘ ਸੀਨੀਅਰ (Balbir Singh Sr.) ਨੂੰ ਦੋ ਹੋਰ ਅਟੈਕ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਨ੍ਹਾਂ ਦੀ ਹਾਲਤ ਗੰਭੀਰ (critical condition) ਬਣੀ ਹੋਈ ਹੈ। ਉਨ੍ਹਾਂ ਦੇ ਦੋਹਤੇ ਕਬੀਰ ਨੇ ਵੀਰਵਾਰ ਨੂੰ ਬਲਬੀਰ ਸਿੰਘ ਦੀ ਸਿਹਤ ਦੀ ਸਥਿਤੀ ਬਾਰੇ ਅਪਡੇਟ ਦਿੱਤਾ। ਤਿੰਨ ਓਲੰਪਿਕ ਤਮਗਾ ਜੇਤੂ ਖਿਡਾਰੀ (gold medalist) ਨੂੰ ਮੰਗਲਵਾਰ ਦੀ ਸਵੇਰ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਤੇ ਉਦੋਂ ਤੋਂ ਉਹ ਵੈਂਟੀਲੇਟਰ ਸਪੋਰਟ ‘ਤੇ ਹਨ।

ਬਲਬੀਰ ਸੀਨੀਅਰ ਦੇ ਦੋਹਤੇ ਕਬੀਰ ਨੇ ਦੱਸਿਆ, “ਕੱਲ੍ਹ (ਬੁੱਧਵਾਰ) ਸਵੇਰੇ ਨਾਨਾ ਜੀ ਨੂੰ ਦੋ ਵਾਰ ਦਿਲ ਦਾ ਦੌਰਾ ਪਿਆ ਸੀ ਪਰ ਉਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਨਹੀਂ ਵਿਗੜੀ। ਹਾਲਾਂਕਿ, ਉਨ੍ਹਾਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਤੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।“ ਕਬੀਰ ਨੇ ਅੱਗੇ ਦੱਸਿਆ ਕਿ ਬਲਬੀਰ ਸਿੰਘ ਅਜੇ ਵੀ ਹਸਪਤਾਲ ਦੇ ਆਈਸੀਯੂ ਵਿੱਚ ਹੈ ਜਿੱਥੇ ਡਾਕਟਰ ਉਨ੍ਹਾਂ ਦੀ ਹਾਲਤ ਦਾ ਨਿਰੰਤਰ ਜਾਇਜ਼ਾ ਲੈ ਰਹੇ ਹਨ।

96 ਸਾਲਾ ਬਜ਼ੁਰਗ ਬਲਬੀਰ ਸਿੰਘ ਨੂੰ ਤੇਜ਼ ਬੁਖਾਰ ਨਾਲ ਸ਼ੁੱਕਰਵਾਰ ਸ਼ਾਮ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਸਿਹਤ ਖ਼ਰਾਬ ਹੋਣ ਕਾਰਨ ਬਲਬੀਰ ਸੀਨੀਅਰ ਨੂੰ ਸ਼ੁੱਕਰਵਾਰ ਨੂੰ ਸੈਕਟਰ-36 ਸਥਿਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਉਹ ਆਪਣੀ ਬੇਟੀ ਸੁਸ਼ਬੀਰ ਤੇ ਕਬੀਰ ਨਾਲ ਰਹਿੰਦੇ ਹਨ।



ਪਿਛਲੇ ਸਾਲ ਜਨਵਰੀ ਵਿੱਚ ਬਲਬੀਰ ਸੀਨੀਅਰ ਨੂੰ ਹਸਪਤਾਲ ਵਿੱਚ 108 ਦਿਨ ਬਿਤਾਉਣ ਤੋਂ ਬਾਅਦ ਪੀਜੀਆਈਐਮਈਆਰ ਤੋਂ ਛੁੱਟੀ ਦੇ ਦਿੱਤੀ ਗਈ ਸੀ। ਹਸਪਤਾਲ ਵਿੱਚ ਉਹ ਨਮੂਨੀਆ ਦਾ ਇਲਾਜ ਕਰਵਾ ਰਹੇ ਸੀ।

ਉਨ੍ਹਾਂ ਨੇ ਲੰਡਨ (1948), ਹੇਲਸਿੰਕੀ (1952) ਅਤੇ ਮੈਲਬਰਨ (1956) ਓਲੰਪਿਕ ਵਿੱਚ ਭਾਰਤ ਦੇ ਸੋਨ ਤਗਮੇ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਹੇਲਸਿੰਕੀ ਓਲੰਪਿਕ ਵਿੱਚ ਨੀਦਰਲੈਂਡ ਦੇ ਖਿਲਾਫ 6-1 ਦੀ ਜਿੱਤ ਵਿੱਚ ਪੰਜ ਗੋਲ ਕੀਤੇ ਤੇ ਰਿਕਾਰਡ ਅਜੇ ਵੀ ਕਾਈਮ ਹੈ। ਉਹ 1975 ਦੀ ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਮੈਨੇਜਰ ਵੀ ਰਹੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904