ਨਵੀਂ ਦਿੱਲੀ: ਕੋਰੋਨਾਵਾਇਰਸ (coronavirus) ਕਾਰਨ ਦੁਨੀਆ ਭਰ ‘ਚ ਲੌਕਡਾਊਨ (lockdown) ਹੈ। ਸਕੂਲ-ਦੁਕਾਨਾਂ-ਦਫਤਰਾਂ ਦੇ ਨਾਲ ਨਾਲ ਖੇਡ ਦੇ ਮੈਦਾਨ ਵੀ ਬੰਦ ਹਨ। ਮਹਾਮਾਰੀ ਤੋਂ ਬਾਅਦ ਬਹੁਤ ਸਾਰੇ ਜੀਵਨ ਸ਼ੈਲੀ ‘ਚ ਤਬਦੀਲੀਆਂ ਵੇਖੀਆਂ ਜਾ ਰਹੀਆਂ ਹਨ ਅਤੇ ਹੁਣ ਕ੍ਰਿਕਟ (cricket) ਦਾ ਸਾਲਾਂ ਪੁਰਾਣਾ ਇੱਕ ਨਿਯਮ ਵੀ ਇਸ ਬਿਮਾਰੀ ਦੇ ਕਾਰਨ ਬਦਲਣ ਜਾ ਰਿਹਾ ਹੈ।

ਕ੍ਰਿਕਟ ਮੈਚ ਦੌਰਾਨ ਅਕਸਰ ਖਿਡਾਰੀ ਅਤੇ ਖ਼ਾਸਕਰ ਗੇਂਦਬਾਜ਼ ਗੇਂਦ ਨੂੰ ਚਮਕਾਉਂਦੇ ਵੇਖਿਆ ਜਾਂਦਾ ਹੈ। ਬਹੁਤੇ ਖਿਡਾਰੀ ਥੁੱਕ ਤੇ ਪਸੀਨੇ ਨਾਲ ਅਜਿਹਾ ਕਰਦੇ ਹਨ। ਇਹ ਇਸ ਲਈ ਹੈ ਕਿ ਗੇਂਦ ਦਾ ਇੱਕ ਹਿੱਸਾ ਚਮਕਦਾਰ ਰਹੇ ਤੇ ਦੂਜਾ ਹਿੱਸਾ ਘਿਸਦਾ ਰਹੇ, ਤਾਂ ਜੋ ਗੇਂਦ ਨੂੰ ਰਿਵਰਸ ਸਵਿੰਗ ‘ਚ ਮਦਦ ਮਿਲਦੀ ਰਹੇ।

ਹਾਲਾਂਕਿ, ਹੁਣ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਇਸ ‘ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਹੀ ਹੈ। ਈਐਸਪੀਐਨ ਕ੍ਰਿਕਿਇੰਫੋ ਦੀ ਰਿਪੋਰਟ ਮੁਤਾਬਕ, ਆਈਸੀਸੀ ਹੁਣ ਗੇਂਦ ਨੂੰ ਥੁੱਕ ਅਤੇ ਪਸੀਨੇ ਨਾਲ ਚਮਕਾਉਣ ਦੀ ਪ੍ਰੈਕਟਿਸ ਨੂੰ ਰੋਕਣ ਦੀ ਤਿਆਰੀ ਕਰ ਰਹੀ ਹੈ।

ਮੈਡੀਕਲ ਟੀਮ ਨੇ ਸਲਾਹ ਦਿੱਤੀ:

ਰਿਪੋਰਟ ਮੁਤਾਬਕ, ਆਈਸੀਸੀ ਦੀ ਮੈਡੀਕਲ ਟੀਮ ਨੇ ਸੁਝਾਅ ਦਿੱਤਾ ਹੈ ਕਿ ਜੇ ਇਨ੍ਹਾਂ ਤਰੀਕਿਆਂ ਨਾਲ ਗੇਂਦ ਨੂੰ ਚਮਕਣ ਲਈ ਵਰਤਿਆ ਜਾਂਦਾ ਰਿਹਾ, ਤਾਂ ਖਿਡਾਰੀ ਅਤੇ ਦਰਸ਼ਕਾਂ ਨੂੰ ਕੋਰੋਨਾਵਾਇਰਸ ਦੀ ਸੰਕਰਮਣ ਦਾ ਸਾਹਮਣਾ ਕਰਨਾ ਪੈ ਸਕਦੇ ਹੈ, ਕਿਉਂਕਿ ਗੇਂਦ ਕਈਂ ਹੱਥਾਂ ਚੋਂ ਲੰਘੇਗੀ ਅਤੇ ਬਹੁਤ ਸਾਰੇ ਲੋਕਾਂ ਨੂੰ ਸੰਕਰਮਣ ਹੋ ਸਕਦਾ ਹੈ।

ਇਸ ਨੂੰ ਧਿਆਨ ‘ਚ ਰੱਖਦੇ ਹੋਏ, ਆਈਸੀਸੀ ਹੁਣ ਬਾਲ ਟੈਂਪਰਿੰਗ ਦੇ ਨਿਯਮਾਂ ਨੂੰ ਬਦਲਣ ਦੀ ਤਿਆਰੀ ਕਰ ਰਹੀ ਹੈ। ਹੁਣ ਇਸ ਲਈ ਇੱਕ ਆਰਟੀਫੀਸ਼ਿਅਲ ਸ਼ਾਈਨਰ ਜਾਂ ਪੋਲਿਸ਼ ਦੀ ਵਰਤੋਂ ਕੀਤੀ ਜਾ ਸਕਦੀ ਹੈ, ਹਾਲਾਂਕਿ ਇਹ ਅੰਪਾਇਰ ਦੀ ਨਿਗਰਾਨੀ ਹੇਠ ਹੋਵੇਗਾ।