IND Vs ENG: ਕਾਊਂਟੀ ਸਿਲੈਕਟ ਇਲੈਵਨ ਖ਼ਿਲਾਫ਼ ਖੇਡਣ ਜਾ ਰਹੇ ਪ੍ਰੈਕਟਿਸ ਮੈਚ 'ਚ ਕੇਐਲ ਰਾਹੁਲ ਨੇ ਸ਼ਾਨਦਾਰ ਸੈਂਕੜਾ ਲਗਾਇਆ ਸੀ। ਇਸ ਪਾਰੀ ਕਾਰਨ ਰਾਹੁਲ ਨੇ ਪਹਿਲੇ ਟੈਸਟ 'ਚ ਪਲੇਇੰਗ 11 ਦਾ ਹਿੱਸਾ ਬਣਨ ਦਾ ਮਜ਼ਬੂਤ ਦਾਅਵਾ ਪੇਸ਼ ਕੀਤਾ ਹੈ। ਹਾਲਾਂਕਿ ਕੇਐਲ ਰਾਹੁਲ ਦੇ ਮਿਡਲ ਆਰਡਰ 'ਚ ਸੈਂਕੜਾ ਜੜਣ ਨਾਲ ਚੇਤੇਸ਼ਵਰ ਪੁਜਾਰਾ ਤੇ ਅਜਿੰਕਿਆ ਰਹਾਣੇ ਦੀਆਂ ਮੁਸੀਬਤਾਂ ਵਧ ਸਕਦੀਆਂ ਹਨ।


ਕਾਉਂਟੀ ਇਲੈਵਨ ਖ਼ਿਲਾਫ਼ ਮੈਚ 'ਚ ਕੇਐਲ ਰਾਹੁਲ ਵਿਕਟਕੀਪਰ ਬੱਲੇਬਾਜ਼ੀ ਦੀ ਭੂਮਿਕਾ ਨਿਭਾਅ ਰਹੇ ਹਨ। ਰਾਹੁਲ ਜਦੋਂ ਬੱਲੇਬਾਜ਼ੀ ਕਰਨ ਆਏ ਤਾਂ ਭਾਰਤ ਨੇ 67 ਦੌੜਾਂ 'ਤੇ 3 ਵਿਕਟਾਂ ਗੁਆ ਦਿੱਤੀਆਂ ਸਨ। ਰਾਹੁਲ ਨੇ ਇਥੋਂ ਮੋਰਚਾ ਸੰਭਾਲਿਆ ਤੇ 50 ਗੇਂਦਾਂ 'ਚ 101 ਦੌੜਾਂ ਬਣਾ ਕੇ ਰਿਟਾਇਰ ਆਊਟ ਹੋਏ। ਉਨ੍ਹਾਂ ਨੇ ਆਪਣੀ ਪਾਰੀ 'ਚ 11 ਚੌਕੇ ਅਤੇ 1 ਛੱਕਾ ਲਾਇਆ।

ਇਸ ਪਾਰੀ ਤੋਂ ਬਾਅਦ ਕੇਐਲ ਰਾਹੁਲ ਦਾ ਪਹਿਲਾ ਟੈਸਟ ਮੈਚ ਖੇਡਣਾ ਲਗਪਗ ਤੈਅ ਹੈ। ਕੇਐਲ ਰਾਹੁਲ ਨੂੰ ਇੰਗਲੈਂਡ ਦੌਰੇ ਲਈ ਮਿਡਲ ਆਰਡਰ ਬੱਲੇਬਾਜ਼ ਵਜੋਂ ਚੁਣਿਆ ਗਿਆ ਹੈ। ਸ਼ੁਭਮਨ ਗਿੱਲ ਦੇ ਜ਼ਖ਼ਮੀ ਹੋਣ ਤੋਂ ਬਾਅਦ ਵੀ ਟੀਮ ਮੈਨੇਜਮੈਂਟ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਰਾਹੁਲ ਓਪਨਿੰਗ ਨਹੀਂ ਕਰਨਗੇ।

ਪੁਜਾਰਾ 'ਤੇ ਖੜੇ ਕੀਤੇ ਜਾ ਰਹੇ ਸਵਾਲ

ਰਾਹੁਲ ਦੇ ਪਲੇਇੰਗ 11 ਦਾ ਹਿੱਸਾ ਬਣਨ 'ਤੇ ਚੇਤੇਸ਼ਵਰ ਪੁਜਾਰਾ ਜਾਂ ਅਜਿੰਕਿਆ ਰਹਾਣੇ ਨੂੰ ਆਪਣੀ ਥਾਂ ਤੋਂ ਹੱਥ ਧੋਣਾ ਪੈ ਸਕਦਾ ਹੈ। ਫਿਲਹਾਲ ਇਹ ਦੋਵੇਂ ਖਿਡਾਰੀ ਇਸ ਸਮੇਂ ਫ਼ਾਰਮ ਤੋਂ ਬਾਹਰ ਹਨ। ਚੇਤੇਸ਼ਵਰ ਪੁਜਾਰਾ ਪਿਛਲੇ ਤਿੰਨ ਸਾਲਾਂ ਤੋਂ ਟੈਸਟ ਕ੍ਰਿਕਟ 'ਚ ਸੈਂਕੜਾ ਨਹੀਂ ਲਗਾ ਸਕੇ ਹਨ। ਇੰਨਾ ਹੀ ਨਹੀਂ ਹੌਲੀ ਬੱਲੇਬਾਜ਼ੀ ਕਾਰਨ ਟੀਮ 'ਚ ਪੁਜਾਰਾ ਦੀ ਜਗ੍ਹਾ ਸਵਾਲਾਂ ਦੇ ਘੇਰੇ 'ਚ ਹੈ।

ਅਜਿੰਕਿਆ ਰਹਾਣੇ ਦੀ ਕਾਰਗੁਜ਼ਾਰੀ ਵੀ ਪਿਛਲੇ ਕੁਝ ਸਾਲਾਂ 'ਚ ਖਾਸ ਨਹੀਂ ਰਹੀ ਹੈ। ਰਹਾਣੇ ਹਾਲਾਂਕਿ ਆਸਟ੍ਰੇਲੀਆਈ ਦੌਰੇ 'ਤੇ ਸੈਂਕੜਾ ਲਗਾਉਣ 'ਚ ਸਫਲ ਰਹੇ ਸਨ। ਵਿਦੇਸ਼ੀ ਦੌਰਿਆਂ 'ਤੇ ਰਹਾਣੇ ਦੇ ਵਧੀਆ ਪ੍ਰਦਰਸ਼ਨ ਨੂੰ ਵੇਖਦੇ ਹੋਏ ਸ਼ਾਇਦ ਟੀਮ ਪ੍ਰਬੰਧਨ ਉਨ੍ਹਾਂ ਨੂੰ ਇਕ ਹੋਰ ਮੌਕਾ ਦੇ ਸਕਦਾ ਹੈ।

ਰਾਹੁਲ ਦੇ ਖੇਡਣ ਦੀ ਸਥਿਤੀ 'ਚ ਵਿਰਾਟ ਕੋਹਲੀ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆ ਸਕਦੇ ਹਨ। 2019 ਤੋਂ ਬਾਅਦ ਕੇਐਲ ਰਾਹੁਲ ਟੈਸਟ ਟੀਮ 'ਚ ਵਾਪਸੀ ਲਈ ਤਿਆਰ ਹਨ। ਪਰ ਇਸ ਵਾਰ ਰਾਹੁਲ ਟੈਸਟ ਕ੍ਰਿਕਟ ਨੂੰ ਬਤੌਰ ਸਲਾਮੀ ਬੱਲੇਬਾਜ਼ ਨਹੀਂ, ਸਗੋਂ ਮਿਡਲ ਆਰਡਰ ਬੱਲੇਬਾਜ਼ ਵਜੋਂ ਖੇਡਣਗੇ।