ਲੰਡਨ: ਇੰਗਲੈਂਡ ਵਿਰੁੱਧ ਜਾਰੀ ਪੰਜ ਟੈਸਟ ਮੈਚਾਂ ਦੀ ਲੜੀ ਦੇ ਆਖ਼ਰੀ ਮੈਚ ਵਿੱਚ ਭਾਰਤ ਦੀ ਹਾਲਤ ਕਾਫੀ ਖਸਤਾ ਹੋ ਗਈ ਹੈ। ਪੰਜਵੇਂ ਟੈਸਟ ਦੇ ਦੂਜੇ ਦਿਨ ਇੰਗਲੈਂਡ ਦੀ 332 ਦੌੜਾਂ ਦੀ ਪਾਰੀ ਦੇ ਜਵਾਬ ਵਿੱਚ ਆਪਣੀ ਪਹਿਲੀ ਪਾਰੀ ਖੇਡਦੇ ਹੋਏ ਭਾਰਤ 174 ਦੌੜਾਂ 'ਤੇ ਭਾਰਤ ਛੇ ਖਿਡਾਰੀ ਪੈਵੇਲੀਅਨ ਪਰਤ ਚੁੱਕੇ ਸਨ।


ਇੰਗਲੈਂਡ ਦੀਆਂ 332 ਦੌੜਾਂ ਦੇ ਜਵਾਬ ਵਿੱਚ ਭਾਰਤ ਦੀ ਸ਼ੁਰੂਆਤ ਕਾਫੀ ਖ਼ਰਾਬ ਰਹੀ। ਪਹਿਲੀ ਵਿਕਟ ਸਿਰਫ਼ ਛੇ ਦੇ ਸਕੋਰ 'ਤੇ ਹੀ ਡਿੱਗ ਗਈ। ਸਲਾਮੀ ਬੱਲੇਬਾਜ਼ ਨੇ ਸ਼ਿਖਰ ਧਵਨ ਸਿਰਫ਼ ਤਿੰਨ ਦੌੜਾਂ ਹੀ ਬਣਾ ਸਕੇ ਇਸ ਤੋਂ ਬਾਅਦ ਲੋਕੇਸ਼ ਰਾਹੁਲ ਤੇ ਚੇਤੇਸ਼ਵਰ ਪੁਜਾਰਾ ਦੋਵੇਂ 37-37 ਦੇ ਸਕੋਰ 'ਤੇ ਆਊਟ ਹੋ ਗਏ। ਇਸ ਤੋਂ ਬਾਅਦ ਅਜਿੰਕਿਆ ਰਹਾਣੇ ਖਾਤਾ ਵੀ ਨਹੀਂ ਖੋਲ੍ਹ ਸਕਿਆ, ਜਦਕਿ ਕਪਤਾਨ ਵਿਰਾਟ ਕੋਹਲੀ ਨੀਮ ਸੈਂਕੜਾ (49 ਦੌੜਾਂ) ਬਣਾਉਣ ਤੋਂ ਖੁੰਝ ਗਿਆ।

ਮੇਜ਼ਬਾਨ ਟੀਮ ਦੇ ਜੋਸ ਬਟਲਰ (89) ਤੇ ਸਟੂਅਰਟ ਬਰੌਡ (38) ਦੀਆਂ ਚੰਗੀ ਸਾਂਝੇਦਾਰੀ ਸਦਕਾ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿੱਚ 332 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਬਟਲਰ ਤੇ ਬਰੌਡ ਨੇ ਨੌਵੀਂ ਵਿਕਟ ਲਈ 98 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਭਾਰਤ ਲਈ ਰਵਿੰਦਰ ਜਡੇਜਾ ਨੇ ਚਾਰ ਅਤੇ ਜਸਪ੍ਰੀਤ ਬੁਮਰਾਹ ਤੇ ਇਸ਼ਾਂਤ ਸ਼ਰਮਾ ਨੇ ਤਿੰਨ-ਤਿੰਨ ਵਿਕਟਾਂ ਲਈਆਂ।

ਦੱਸਣਯੋਗ ਹੈ ਕਿ ਇੰਗਲੈਂਡ ਪੰਜ ਮੈਚਾਂ ਦੀ ਇਸ ਲੜੀ 'ਤੇ ਪਹਿਲਾਂ ਹੀ ਕਬਜ਼ਾ ਕਰ ਚੁੱਕਾ ਹੈ, ਜਦਕਿ ਭਾਰਤ 1-3 ਨਾਲ ਪਿੱਛੇ ਹੈ। ਲੜੀ ਦੇ ਆਖ਼ਰੀ ਮੈਚ ਵਿੱਚ ਵੀ ਹੁਣ ਭਾਰਤ ਦੀ ਹਾਲਤ ਪਤਲੀ ਪਈ ਹੋਈ ਹੈ।