ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਤੇ ਉਸ ਦੇ ਨੇੜਲੇ ਇਲਾਕਿਆਂ ‘ਚ ਅੱਜ ਪ੍ਰਦੂਸ਼ਨ ਨਾਲ ਸਾਰੇ ਰਿਕਾਰਡ ਟੁੱਟ ਗਏ। ਇਸੇ ਦੌਰਾਨ ਭਾਰਤ-ਬੰਗਲਾਦੇਸ਼ ਵਿਚਾਲੇ ਨਵੀਂ ਦਿੱਲੀ ‘ਚ ਅੱਜ ਸੀਰੀਜ਼ ਦਾ ਪਹਿਲਾ ਟੀ-20 ਮੈਚ ਖੇਡਿਆ ਜਾਣਾ ਹੈ। ਸੂਤਰਾਂ ਦੀ ਮੰਨੀਏ ਤਾਂ ਆਈਸੀਸੀ ਦੇ ਮੈਚ ਰੈਫਰੀ ਨੇ ਪ੍ਰਦੂਸ਼ਨ ਨੂੰ ਦੇਖ ਚਿੰਤਾ ਜ਼ਾਹਿਰ ਕੀਤੀ ਹੈ ਤੇ ਘੱਟ ਵਿਜ਼ੀਬਿਲਟੀ ਹੋਣ ਕਰਕੇ ਮੈਚ ਰੱਦ ਹੋ ਸਕਦਾ ਹੈ।


ਇਸ ਤੋਂ ਪਹਿਲਾਂ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਸੀ ਕਿ ਮੈਚ ਨੂੰ ਰੱਦ ਕੀਤਾ ਜਾਣਾ ਮੁਮਕਨ ਨਹੀਂ। ਅੱਜ ਦਿੱਲੀ ਤੇ ਨੇੜਲੇ ਇਲਾਕਿਆਂ ‘ਚ ਏਅਰ ਕੁਆਲਟੀ ਦਾ ਪੱਧਰ 1000 ਤੋਂ ਪਾਰ ਪਹੁੰਚ ਗਿਆ। ਵਿਜ਼ੀਬਿਲਟੀ ਘੱਟ ਹੋਣ ਕਰਕੇ ਐਤਵਾਰ ਸਵੇਰ ਤੋਂ ਦਿੱਲੀ ਹਵਾਈ ਅੱਡੇ ਤੋਂ 32 ਉਡਾਨਾਂ ਨੂੰ ਡਾਈਵਰਟ ਕੀਤਾ ਗਿਆ।

ਇਸ ਦੇ ਨਾਲ ਹੀ ਨਾਸਾ ਦੀਆਂ ਸੈਟਲਾਈਟ ਦੀਆਂ ਤਸਵੀਰਾਂ ‘ਚ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਤੇ ਝਾਰਖੰਡ ਦੇ ਕਈ ਹਿੱਸਿਆਂ ‘ਚ ਕੋਹਰਾ ਨਜ਼ਰ ਆਇਆ। ਦਿੱਲੀ ਨੂੰ ਅਜਿਹੇ ਮੌਸਮ ਤੋਂ ਰਾਹਤ ਦੀ ਆਸ ਹੈ ਕਿਉਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਐਤਵਾਰ ਸ਼ਾਮ ਤੋਂ ਮੰਗਲਵਾਰ ਤਕ ਇਸ ਖੇਤਰ ‘ਚ 20-25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚਲ ਸਕਦੀ ਹੈ।