IND vs ENG, 1st ODI Highlights: ਭਾਰਤ ਨੇ ਤਿੰਨ ਮੈਚਾਂ ਦੀ ਵਨ ਡੇਅ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਇੰਗਲੈਂਡ ਨੂੰ 66 ਦੌੜਾਂ ਨਾਲ ਮਾਤ ਦਿੱਤੀ ਹੈ। ਮਹਾਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ 'ਚ ਖੇਡੇ ਗਏ ਪਹਿਲੇ ਵਨ ਡੇਅ ਮੁਕਾਬਲੇ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰ 'ਚ ਪੰਜ ਵਿਕਟਾਂ 'ਤੇ 317 ਦੌੜਾਂ ਬਣਾਈਆਂ ਜਿਸ ਦੇ ਜਵਾਬ 'ਚ ਇੰਗਲੈਂਡ ਦੀ ਟੀਮ 42.1 ਓਵਰਾਂ 'ਚ 251 ਰਨ ਹੀ ਬਣਾ ਸਕੀ। ਇਸ ਜਿੱਤ ਦੇ ਨਾਲ ਹੀ ਭਾਰਤ ਤਿੰਨ ਮੈਚਾਂ ਦੀ ਵਨ ਡੇਅ ਸੀਰੀਜ਼ 'ਚ 1-0 ਨਾਲ ਅੱਗੇ ਹੋ  ਗਿਆ ਹੈ। ਭਾਰਤ ਲਈ ਜਿੱਤ ਦੇ ਹੀਰੋ ਪ੍ਰਸਿੱਧ ਕ੍ਰਿਸ਼ਣਾ ਰਹੇ ਜਿੰਨ੍ਹਾਂ ਨੇ ਆਪਣੇ ਡੈਬਿਊ ਮੈਚ 'ਚ ਹੀ 54 ਰਨ ਦੇ ਕੇ ਚਾਰ ਵਿਕੇਟ ਲਏ।


318 ਰਨ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਸ਼ੁਰੂਆਤ ਕਾਫੀ ਚੰਗੀ ਰਹੀ ਸੀ। 14.2 ਓਵਰ 'ਚ ਹੀ ਇੰਗਲੈਂਡ ਦੇ ਓਪਨਰਸ ਨੇ 135 ਰਨ ਜੋੜ ਲਏ ਸਨ। ਕ੍ਰਿਸ਼ਣਾ ਨੇ  46 ਰਨ ਤੇ ਖੇਡ ਰਹੇ ਰੌਏ ਨੂੰ ਪਵੇਲੀਅਨ ਵਾਪਸ ਭੇਜਿਆ। ਇਸ ਤੋਂ ਬਾਅਦ ਇੰਗਲੈਂਡ ਦੇ ਵਿਕੇਟ ਡਿੱਗਣ ਦਾ ਸਿਲਸਿਲਾ ਸ਼ੁਰੂ ਹੋ ਗਿਆ।


 






 


ਇੰਗਲੈਂਡ ਵੱਲੋਂ ਜੌਨੀ ਬੇਅਰਸਟੋ ਨੇ 66 ਗੇਂਦਾਂ 'ਤੇ ਸੱਤ ਛੱਕਿਆਂ ਅਤੇ ਛੇ ਚੌਕਿਆਂ ਦੀ ਮਦਦ ਨਾਲ ਸਭ ਤੋਂ ਵੱਧ 94 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਜੇਸਨ ਰਾਏ ਨੇ 46, ਮੋਇਨ ਅਲੀ ਨੇ 30, ਕਪਤਾਨ ਇਓਨ ਮੋਰਗਨ ਨੇ 22 ਅਤੇ ਸੈਮ ਬਿਲਿੰਗਸ ਨੇ 18 ਦੌੜਾਂ ਬਣਾਈਆਂ। ਭਾਰਤ ਵੱਲੋਂ ਪ੍ਰਸਿੱਧ ਕ੍ਰਿਸ਼ਨਾ ਨੇ ਚਾਰ, ਸ਼ਾਰਦੁਲ ਨੇ ਤਿੰਨ, ਭੁਵਨੇਸ਼ਵਰ ਕੁਮਾਰ ਨੇ ਦੋ ਅਤੇ ਕਰੁਣਾਲ ਪਾਂਡਿਆ ਨੇ ਇੱਕ ਵਿਕਟ ਹਾਸਲ ਕੀਤੇ।


ਭਾਰਤ ਦੀ ਬੱਲੇਬਾਜ਼ੀ ਵੀ ਰਹੀ ਸ਼ਾਨਦਾਰ


ਇਸ ਤੋਂ ਪਹਿਲਾਂ ਭਾਰਤੀ ਪਾਰੀ ਵਿੱਚ ਸ਼ਿਖਰ ਧਵਨ ਨੇ 98, ਲੋਕੇਸ਼ ਰਾਹੁਲ ਨੇ ਨਾਬਾਦ 62, ਕਰੁਣਾਲ ਪੰਡਿਆ ਨੇ ਨਾਬਾਦ 58, ਕਪਤਾਨ ਵਿਰਾਟ ਕੋਹਲੀ ਨੇ 56 ਦੌੜਾਂ ਬਣਾਈਆਂ। ਕੇਐਲ ਰਾਹੁਲ ਅਤੇ ਕਰੁਣਾਲ ਪਾਂਡਿਆ ਦੀ ਜੋੜੀ ਨੇ ਛੇਵੀਂ ਵਿਕੇਟ ਲਈ ਸਿਰਫ 61 ਗੇਂਦਾਂ ਵਿੱਚ ਨਾਬਾਦ 112 ਦੌੜਾਂ ਦੀ ਸਾਂਝੇਦਾਰੀ ਕਾਇਮ ਕੀਤੀ। ਇਸ ਸਾਂਝੇਦਾਰੀ ਸਦਕਾ ਹੀ ਭਾਰਤੀ ਟੀਮ 50 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ਨਾਲ 317 ਦੌੜਾਂ ਦਾ ਵੱਡਾ ਟੀਚਾ ਖੜ੍ਹਾ ਕਰ ਸਕੀ।


ਇੰਗਲੈਂਡ ਦੇ ਬੇਨ ਸਟੋਕਸ ਨੇ ਤਿੰਨ ਅਤੇ ਮਾਰਕ ਵੁੱਡ ਨੇ ਦੋ ਵਿਕਟਾਂ ਹਾਸਲ ਕੀਤੀਆਂ। ਭਾਰਤ ਅਤੇ ਇੰਗਲੈਂਡ ਦਰਮਿਆਨ ਲੜੀ ਦਾ ਦੂਜਾ ਮੈਚ ਪੁਣੇ ਵਿੱਚ ਹੀ 26 ਮਾਰਚ ਨੂੰ ਖੇਡਿਆ ਜਾਵੇਗਾ।