ਜੈਪੁਰ: ਭਾਰਤ ਬਨਾਮ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਅੱਜ ਤੋਂ ਸ਼ੁਰੂ ਹੋ ਰਹੀ ਹੈ। ਪਹਿਲਾ ਮੈਚ ਜੈਪੁਰ 'ਚ ਖੇਡਿਆ ਜਾਵੇਗਾ। ਇਸ ਮੈਚ ਨੂੰ ਲੈ ਕੇ ਟੀਮ ਇੰਡੀਆ ਦੀ ਪਲੇਇੰਗ ਇਲੈਵਨ ਦੀ ਚਰਚਾ ਹੋ ਰਹੀ ਹੈ। ਰੋਹਿਤ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਕਪਤਾਨ ਹਨ। ਇਸ ਦੇ ਨਾਲ ਹੀ ਕੋਚ ਰਾਹੁਲ ਦ੍ਰਾਵਿੜ ਟੀਮ ਨੂੰ ਨਵੇਂ ਸਿਰੇ ਤੋਂ ਤਿਆਰ ਕਰਨਗੇ। ਆਓ ਜਾਣਦੇ ਹਾਂ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਮੈਚ 'ਚ ਭਾਰਤ ਦੀ ਸੰਭਾਵੀ ਪਲੇਇੰਗ ਇਲੈਵਨ ਕੀ ਹੋ ਸਕਦੀ ਹੈ?


ਕੌਨ ਹੋਵੇਗਾ ਓਪਨਰ?
ਰੋਹਿਤ ਸ਼ਰਮਾ ਨੂੰ ਟੀ-20 ਕੌਮਾਂਤਰੀ ਕ੍ਰਿਕਟ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ ਹੈ, ਜਦਕਿ ਕੇਐਲ ਰਾਹੁਲ ਉਨ੍ਹਾਂ ਦੇ ਉਪ ਕਪਤਾਨ ਹੋਣਗੇ। ਤਿੰਨ ਮੈਚਾਂ ਦੀ ਸੀਰੀਜ਼ 'ਚ ਦੋਵਾਂ ਬੱਲੇਬਾਜ਼ਾਂ ਨੂੰ ਪਾਰੀ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਟੀ-20 ਕ੍ਰਿਕਟ 'ਚ ਸਲਾਮੀ ਬੱਲੇਬਾਜ਼ਾਂ ਦੇ ਤੌਰ 'ਤੇ ਦੋਵਾਂ ਦਾ ਰਿਕਾਰਡ ਬੇਮਿਸਾਲ ਹੈ। ਬਦਕਿਸਮਤੀ ਨਾਲ ਉਹ ਆਈਸੀਸੀ ਟੀ-20 ਵਿਸ਼ਵ ਕੱਪ 2021 ਦੇ ਪਹਿਲੇ ਦੋ ਮੈਚਾਂ 'ਚ ਭਾਰਤ ਨੂੰ ਠੋਸ ਸ਼ੁਰੂਆਤ ਨਹੀਂ ਦੇ ਸਕੇ ਸਨ, ਪਰ ਅਗਲੇ ਤਿੰਨ ਮੈਚਾਂ ਵਿੱਚ ਉਨ੍ਹਾਂ ਨੇ ਫਾਰਮ ਹਾਸਿਲ ਕੀਤਾ ਸੀ। ਭਾਰਤ ਆਗਾਮੀ ਤਿੰਨ ਮੈਚਾਂ ਦੀ ਸੀਰੀਜ਼ 'ਚ ਇਸ ਫਾਰਮ ਨੂੰ ਜਾਰੀ ਰੱਖਣ ਦੀ ਉਮੀਦ ਕਰੇਗਾ।

ਮਿਡਲ ਆਰਡਰ 'ਚ ਇਸ ਜ਼ਿੰਮੇਵਾਰੀ ਨਿਭਾਉਣਗੇ
ਵਿਰਾਟ ਕੋਹਲੀ ਨੂੰ ਟੀ-20 ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ। ਕੋਹਲੀ ਦੀ ਗੈਰ-ਮੌਜੂਦਗੀ 'ਚ ਈਸ਼ਾਨ ਕਿਸ਼ਨ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਦੀ ਸੰਭਾਵਨਾ ਹੈ। ਉਨ੍ਹਾਂ ਤੋਂ ਬਾਅਦ ਸੂਰਿਆਕੁਮਾਰ ਯਾਦਵ ਤੇ ਰਿਸ਼ਭ ਪੰਤ। ਰਿਸ਼ਭ ਪੰਤ ਨੂੰ ਟੀਮ 'ਚ ਪਹਿਲੀ ਪਸੰਦ ਵਿਕਟਕੀਪਰ ਬਣੇ ਰਹਿਣਾ ਚਾਹੀਦਾ ਹੈ। ਸੂਰਿਆਕੁਮਾਰ ਯਾਦਵ ਨੇ ਆਈਸੀਸੀ ਟੀ-20 ਵਿਸ਼ਵ ਕੱਪ 2021 'ਚ ਭਾਰਤ ਦੀ ਮੁਹਿੰਮ ਦੇ ਬਾਅਦ ਦੇ ਪੜਾਅ 'ਚ ਚੰਗਾ ਪ੍ਰਦਰਸ਼ਨ ਕੀਤਾ। ਉਹ ਵੀ ਆਖਰੀ 11 'ਚ ਰਹਿ ਸਕਦੇ ਹਨ।

ਕੀ ਭਾਰਤ ਨੂੰ ਮਿਲੇਗਾ ਨਵਾਂ ਫਿਨਿਸ਼ਰ?
ਹਾਰਦਿਕ ਪਾਂਡਿਆ ਨੂੰ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਵੈਂਕਟੇਸ਼ ਅਈਅਰ ਨੂੰ ਪਹਿਲੀ ਵਾਰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਅਈਅਰ ਨੂੰ ਪਲੇਇੰਗ ਇਲੈਵਨ 'ਚ ਇਕ ਆਲਰਾਊਂਡਰ ਦੇ ਰੂਪ 'ਚ ਵਰਤਿਆ ਜਾਵੇਗਾ ਅਤੇ ਇਸ ਸੀਰੀਜ਼ ਦੇ ਤਿੰਨੋਂ ਮੈਚ ਖੇਡਣ ਦੀ ਸੰਭਾਵਨਾ ਹੈ। ਰਵੀਚੰਦਰਨ ਅਸ਼ਵਿਨ ਨੂੰ ਟੀ-20 ਵਿਸ਼ਵ ਕੱਪ 2021 'ਚ ਉਨ੍ਹਾਂ ਦੇ ਪ੍ਰਦਰਸ਼ਨ ਦੀ ਬਦੌਲਤ ਟੀਮ 'ਚ ਬਰਕਰਾਰ ਰੱਖਿਆ ਗਿਆ ਹੈ। ਉਹ ਆਪਣਾ ਪਹਿਲਾ ਟੀ-20 ਮੈਚ ਸਪਿਨਰ ਵਜੋਂ ਖੇਡ ਸਕਦੇ ਹਨ।

ਗੇਂਦਬਾਜ਼ੀ ਦੀ ਜ਼ਿੰਮੇਵਾਰੀ ਕਿਸ 'ਤੇ?
ਭੁਵਨੇਸ਼ਵਰ ਕੁਮਾਰ ਨੇ ICC T20 ਵਿਸ਼ਵ ਕੱਪ 2021 'ਚ ਇੱਕ ਮੈਚ ਖੇਡਿਆ ਸੀ। ਹਾਲਾਂਕਿ ਮੈਨੇਜਮੈਂਟ ਨੇ ਉਨ੍ਹਾਂ ਦੀ ਕਾਬਲੀਅਤ 'ਤੇ ਭਰੋਸਾ ਜਤਾਇਆ ਹੈ ਤੇ ਉਨ੍ਹਾਂ ਨੂੰ ਟੀ-20 ਸੀਰੀਜ਼ ਲਈ ਚੁਣਿਆ ਹੈ। ਉਸ ਨੂੰ ਤੇਜ਼ ਗੇਂਦਬਾਜ਼ੀ ਅਟੈਕ ਦੀ ਅਗਵਾਈ ਕਰਨੀ ਚਾਹੀਦੀ ਹੈ। ਦੀਪਕ ਚਾਹਰ ਅਤੇ ਐਮ. ਸਿਰਾਜ ਵਜੋਂ 2 ਤੇਜ਼ ਗੇਂਦਬਾਜ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਯੁਜਵੇਂਦਰ ਚਾਹਲ ਦੀ ਟੀ-20 ਟੀਮ 'ਚ ਵਾਪਸੀ ਹੋਈ ਹੈ ਤੇ ਉਸ ਦੇ ਸਿੱਧੇ ਪਲੇਇੰਗ ਇਲੈਵਨ 'ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।