ਗੁਰਦਾਸਪੁਰ: ਭਾਰਤੀ ਹਾਕੀ ਖਿਡਾਰੀ ਦਿਲਪ੍ਰੀਤ ਸਿੰਘ ਦੇ ਘਰ ਖੁਸ਼ੀ ਦੀ ਲਹਿਰ ਹੈ। ਕਰੀਬ 41 ਸਾਲ ਬਾਅਦ ਭਾਰਤੀ ਹਾਕੀ ਟੀਮ ਨੇ ਮੈਡਲ ਹਾਸਲ ਕੀਤਾ ਹੈ। ਭਾਰਤ ਦੀ ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਹੈ।
ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬੁਤਾਲਾ ਦੇ ਰਹਿਣ ਵਾਲੇ ਦਿਲਪ੍ਰੀਤ ਸਿੰਘ ਦੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ। ਪੂਰੇ ਇਲਾਕੇ ਵਿੱਚ ਢੋਲ ਉੱਪਰ ਭੰਗੜੇ ਪਾਏ ਗਏ। ਪਰਿਵਾਰ ਨੂੰ ਵਧਾਈਆਂ ਦੇਣ ਲਈ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇਹ ਜਿੱਤ ਉੱਪਰ ਮਾਣ ਮਹਿਸੂਸ ਹੋ ਰਿਹਾ ਹੈ।
ਦਿਲਪ੍ਰੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਤੇ ਮਾਤਾ ਸੁਖਵੰਤ ਕੌਰ ਨੇ ਕਿਹਾ ਕਿ ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਭਾਰਤ ਦੀ ਹਾਕੀ ਟੀਮ ਨੇ ਕਾਂਸੀ ਦਾ ਮੈਡਲ ਜਿੱਤ ਲਿਆ ਹੈ। ਪਹਿਲਾਂ ਦੁਖ ਜ਼ਰੂਰ ਸੀ ਕਿ ਭਾਰਤ ਦੇ ਹੱਥ ਵਿੱਚੋਂ ਗੋਲਡ ਮੈਡਲ ਦਾ ਮੌਕਾ ਨਿਕਲ ਗਿਆ ਪਰ ਅੱਜ ਬਹੁਤ ਖੁਸ਼ੀ ਹੈ ਕਿ ਕਰੀਬ 41 ਸਾਲ ਬਾਅਦ ਭਾਰਤ ਹਾਕੀ ਟੀਮ ਨੇ ਓਲੰਪਿਕ ਵਿੱਚ ਕਾਂਸੀ ਮੈਡਲ ਜਿੱਤਿਆ ਹੈ। ਉਨ੍ਹਾਂ ਦੀ ਮਾਤਾ ਨੇ ਕਿਹਾ ਕਿ ਮੈਂ ਤਾਂ ਅੱਜ ਬਹੁਤ ਪਾਠ ਕੀਤਾ ਹੈ ਤੇ ਅਰਦਾਸ ਕੀਤੀ ਕਿ ਅੱਜ ਦਿਲਪ੍ਰੀਤ ਸਿੰਘ ਤੇ ਭਾਰਤ ਦੀ ਟੀਮ ਮੈਂਡਲ ਜਿੱਤ ਜਾਵੇ।
ਦਿਲਪ੍ਰੀਤ ਸਿੰਘ ਦੀ ਭੈਣ ਮਨਦੀਪ ਕੌਰ ਤੇ ਮਨਪ੍ਰੀਤ ਕੌਰ ਨੇ ਕਿਹਾ ਕਿ ਅੱਜ ਬਹੁਤ ਖੁਸ਼ੀ ਹੋਈ ਹੈ ਕਿ ਭਾਰਤ ਦੀ ਹਾਕੀ ਟੀਮ ਨੇ ਕਾਂਸੀ ਮੈਡਲ ਜਿੱਤ ਲਿਆ ਹੈ। ਸਾਡੀ ਖੁਸ਼ੀ ਦਾ ਅੱਜ ਕੋਈ ਟਿਕਾਣਾ ਨਹੀਂ ਅਸੀਂ ਅੱਜ ਲੱਡੂ ਵੰਡੇ ਤੇ ਪਟਾਕੇ ਚਲਾਏ ਹਨ।
ਹਾਕੀ ਖਿਡਾਰੀ ਦਿਲਪ੍ਰੀਤ ਸਿੰਘ ਦੇ ਗੁਆਂਢੀ ਬਲਵਿੰਦਰ ਸਿੰਘ ਤੇ ਪੰਚਾਇਤ ਮੇਮਬਰ ਦਲਬੀਰ ਸਿੰਘ ਨੇ ਕਿਹਾ ਕਿ ਸਾਡੇ ਲਈ ਅੱਜ ਬਹੁਤ ਖੁਸ਼ੀ ਦਾ ਦਿਨ ਹੈ। ਬੜੇ ਲੰਬੇ ਸਮੇਂ ਬਾਅਦ ਭਾਰਤ ਦੀ ਹਾਕੀ ਟੀਮ ਮੈਡਲ ਜਿੱਤੀ ਹੈ। ਇਸ ਨਾਲ ਸਾਡੇ ਪਿੰਡ ਬੁਤਾਲੇ ਦਾ ਨਾਮ ਵੀ ਰੋਸ਼ਨ ਹੋਇਆ ਹੈ।