India vs New Zealand 3rd T20I : ਭਾਰਤ ਨੇ ਤੀਜੇ ਟੀ-20 ਮੈਚ ਵਿੱਚ ਨਿਊਜ਼ੀਲੈਂਡ ਨੂੰ 168 ਦੌੜਾਂ ਨਾਲ ਹਰਾਇਆ ਹੈ। ਇਸ ਤਰ੍ਹਾਂ ਟੀਮ ਇੰਡੀਆ ਨੇ 3 ਟੀ-20 ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ। ਨਿਊਜ਼ੀਲੈਂਡ ਨੂੰ ਜਿੱਤ ਲਈ 235 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਪੂਰੀ ਟੀਮ ਸਿਰਫ਼ 66 ਦੌੜਾਂ 'ਤੇ ਹੀ ਸਿਮਟ ਗਈ। ਭਾਰਤ ਲਈ ਕਪਤਾਨ ਹਾਰਦਿਕ ਪੰਡਯਾ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਜਦਕਿ ਅਰਸ਼ਦੀਪ ਸਿੰਘ, ਉਮਰਾਨ ਮਲਿਕ ਅਤੇ ਸ਼ਿਵਮ ਮਾਵੀ ਨੂੰ 2-2 ਸਫਲਤਾ ਮਿਲੀ। ਇਹ ਟੀ-20 ਫਾਰਮੈਟ ਵਿੱਚ ਭਾਰਤ ਦੀ ਸਭ ਤੋਂ ਵੱਡੀ ਜਿੱਤ ਹੈ।


ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਦਾ ਰਿਹਾ ਫਲਾਪ ਸ਼ੋਅ


ਨਿਊਜ਼ੀਲੈਂਡ ਲਈ ਡੇਰੀ ਮਿਸ਼ੇਲ ਨੇ ਸਭ ਤੋਂ ਵੱਧ 35 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ 'ਚ 1 ਚੌਕਾ ਅਤੇ 3 ਛੱਕੇ ਲਾਏ। ਜਦਕਿ ਕਪਤਾਨ ਮਿਸ਼ੇਲ ਸੈਂਟਨਰ ਨੇ 13 ਦੌੜਾਂ ਬਣਾਈਆਂ। ਇਸ ਤਰ੍ਹਾਂ ਨਿਊਜ਼ੀਲੈਂਡ ਦੇ ਸਿਰਫ਼ ਦੋ ਬੱਲੇਬਾਜ਼ ਹੀ ਦੋਹਰਾ ਅੰਕੜਾ ਪਾਰ ਕਰ ਸਕੇ। ਜਦਕਿ ਕੀਵੀ ਟੀਮ ਦੇ 9 ਬੱਲੇਬਾਜ਼ ਦੋਹਰੇ ਅੰਕੜੇ ਨੂੰ ਛੂਹ ਨਹੀਂ ਸਕੇ। ਭਾਰਤ ਲਈ ਕਪਤਾਨ ਹਾਰਦਿਕ ਪੰਡਯਾ ਨੇ 4 ਓਵਰਾਂ 'ਚ 16 ਦੌੜਾਂ ਦੇ ਕੇ 4 ਖਿਡਾਰੀਆਂ ਨੂੰ ਆਪਣਾ ਸ਼ਿਕਾਰ ਬਣਾਇਆ। ਜਦਕਿ ਅਰਸ਼ਦੀਪ ਸਿੰਘ ਨੇ 3 ਓਵਰਾਂ ਵਿੱਚ 16 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਉਮਰਾਨ ਮਲਿਕ ਨੇ 2.1 ਓਵਰਾਂ ਵਿੱਚ 9 ਦੌੜਾਂ ਦੇ ਕੇ 2 ਖਿਡਾਰੀਆਂ ਨੂੰ ਆਊਟ ਕੀਤਾ। ਇਸ ਤੋਂ ਇਲਾਵਾ ਸ਼ਿਵਮ ਮਾਵੀ ਨੇ 2 ਓਵਰਾਂ 'ਚ 12 ਦੌੜਾਂ ਦੇ ਕੇ 2 ਬੱਲੇਬਾਜ਼ਾਂ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ।


ਸ਼ੁਭਮਨ ਗਿੱਲ ਨੇ ਲਾਇਆ ਸੈਂਕੜਾ 


ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 20 ਓਵਰਾਂ 'ਚ 4 ਵਿਕਟਾਂ 'ਤੇ 234 ਦੌੜਾਂ ਬਣਾਈਆਂ। ਭਾਰਤ ਲਈ ਸ਼ੁਭਮਨ ਗਿੱਲ ਨੇ 63 ਗੇਂਦਾਂ 'ਤੇ ਨਾਬਾਦ 126 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ ਆਪਣੀ ਪਾਰੀ ਵਿੱਚ 12 ਚੌਕੇ ਅਤੇ 7 ਛੱਕੇ ਜੜੇ। ਇਸ ਤੋਂ ਇਲਾਵਾ ਰਾਹੁਲ ਤ੍ਰਿਪਾਠੀ ਨੇ 22 ਗੇਂਦਾਂ 'ਤੇ 44 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਜਦਕਿ ਕਪਤਾਨ ਹਾਰਦਿਕ ਪੰਡਯਾ ਨੇ 17 ਗੇਂਦਾਂ 'ਚ 30 ਦੌੜਾਂ ਬਣਾਈਆਂ। ਸੂਰਿਆਕੁਮਾਰ ਯਾਦਵ ਨੇ 13 ਗੇਂਦਾਂ 'ਤੇ 21 ਦੌੜਾਂ ਬਣਾਈਆਂ। ਦੀਪਕ ਹੁੱਡਾ 2 ਗੇਂਦਾਂ 'ਚ 2 ਦੌੜਾਂ ਬਣਾ ਕੇ ਨਾਬਾਦ ਪਰਤੇ। ਇਸ ਤੋਂ ਪਹਿਲਾਂ ਟੀਮ ਇੰਡੀਆ ਦੇ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਈਸ਼ਾਨ ਕਿਸ਼ਨ ਦੇ ਛੇਤੀ ਆਊਟ ਹੋਣ ਤੋਂ ਬਾਅਦ ਸ਼ੁਭਮਨ ਗਿੱਲ ਅਤੇ ਰਾਹੁਲ ਤ੍ਰਿਪਾਠੀ ਵਿਚਾਲੇ 80 ਦੌੜਾਂ ਦੀ ਅਹਿਮ ਸਾਂਝੇਦਾਰੀ ਹੋਈ। ਇਸ ਤਰ੍ਹਾਂ ਨਿਊਜ਼ੀਲੈਂਡ ਨੂੰ ਜਿੱਤ ਲਈ 235 ਦੌੜਾਂ ਦਾ ਟੀਚਾ ਮਿਲਿਆ।