ਕੋਰੋਨਾਵਾਇਰਸ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 14 ਵੇਂ ਸੀਜ਼ਨ ਤੋਂ ਪਹਿਲਾਂ ਖਿਡਾਰੀਆਂ ਵੈਕਸੀਨ ਦੇਣ ਲਈ ਸਿਹਤ ਮੰਤਰਾਲੇ ਕੋਲ ਪਹੁੰਚ ਕਰਨ ਦਾ ਫੈਸਲਾ ਕੀਤਾ ਹੈ। ਬੀਸੀਸੀਆਈ ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੇ ਏਐਨਆਈ ਨੂੰ ਦਿੱਤੇ ਬਿਆਨ ਵਿੱਚ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਸ਼ੁਕਲਾ ਨੇ ਕਿਹਾ, “ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਨਾਲ ਨਜਿੱਠਣ ਲਈ, ਮੇਰੇ ਖਿਆਲ 'ਚ ਵੈਕਸੀਨ ਹੀ ਇਕੋ ਇਕ ਹੱਲ ਹੈ। ਬੀਸੀਸੀਆਈ ਇਹ ਵੀ ਸੋਚ ਰਿਹਾ ਹੈ ਕਿ ਖਿਡਾਰੀਆਂ ਨੂੰ ਵੈਕਸੀਨ ਲਵਾਉਣੀ ਚਾਹੀਦਾ ਹੈ। ਕੋਈ ਨਹੀਂ ਜਾਣਦਾ ਕਿ ਕੋਰੋਨਾਵਾਇਰਸ ਕਦੋਂ ਖਤਮ ਹੋਵੇਗਾ ਅਤੇ ਇਸ ਦੀ ਡੈੱਡਲਾਈਨ ਇਹ ਨਹੀਂ ਦੱਸ ਸਕਦੇ, ਕਿ ਇਹ ਕਦੋਂ ਖਤਮ ਹੋਏਗਾ ਤਾਂ ਜੋ ਖਿਡਾਰੀ ਖੁੱਲ੍ਹ ਕੇ ਖੇਡ ਸਕਣ। ਇਸ ਲਈ ਮੈਨੂੰ ਲਗਦਾ ਹੈ ਕਿ ਸਾਨੂੰ ਇਸ ਬਾਰੇ ਹੁਣ ਸੋਚਣਾ ਚਾਹੀਦਾ ਹੈ। ਖਿਡਾਰੀਆਂ ਨੂੰ ਵੀ ਟੀਕਾ ਲਗਾਇਆ ਜਾਣਾ ਚਾਹੀਦਾ ਹੈ।”
ਬੀਸੀਸੀਆਈ ਦੇ ਉਪ-ਪ੍ਰਧਾਨ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਬੀਸੀਸੀਆਈ ਨੇ ਸਿਹਤ ਮੰਤਰਾਲੇ ਨੂੰ ਟੀਕਾਕਰਨ ਬਾਰੇ ਪੱਤਰ ਲਿਖਿਆ ਹੈ ਤਾਂ ਸ਼ੁਕਲਾ ਨੇ ਕਿਹਾ ਕਿ ਬੋਰਡ ਇਸ ‘ਤੇ ਵਿਚਾਰ ਕਰ ਰਿਹਾ ਹੈ।
ਭਾਰਤ 'ਚ ਐਤਵਾਰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 93,249 ਮਾਮਲੇ ਸਾਹਮਣੇ ਆਏ ਹਨ। ਜੋ ਇਸ ਸਾਲ ਇਕ ਦਿਨ 'ਚ ਆਏ ਕੋਵਿਡ-19 ਦੇ ਸਭ ਤੋਂ ਵੱਧ ਮਾਮਲੇ ਹਨ। ਇਸ ਦੇ ਨਾਲ ਹੀ ਦੇਸ਼ 'ਚ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਸੰਖਿਆਂ ਵਧ ਕੇ 1,24,85,509 ਹੋ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਦੇ ਸਵੇਰੇ ਅੱਠ ਵਜੇ ਤਕ ਜਾਰੀ ਅੰਕੜਿਆਂ ਦੇ ਮੁਤਾਬਕ 18 ਸਤੰਬਰ ਤੋਂ ਬਾਅਦ ਤੋਂ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਇਕ ਦਿਨ 'ਚ ਸਾਹਮਣੇ ਆਏ ਇਹ ਸਭ ਤੋਂ ਵੱਧ ਮਾਮਲੇ ਹਨ। 18 ਸਤੰਬਰ ਨੂੰ ਕੋਵਿਡ-19 ਦੇ 93,337 ਮਾਮਲੇ ਆਏ ਸਨ। ਅੰਕੜਿਆਂ ਦੇ ਮੁਤਾਬਕ ਐਤਵਾਰ ਮਹਾਮਾਰੀ ਨਾਲ 513 ਹੋਰ ਲੋਕਾਂ ਦੀ ਜਾਨ ਜਾਣ ਨਾਲ ਮ੍ਰਿਤਕਾਂ ਦੀ ਸੰਖਿਆ ਵਧ ਕੇ 1,64,623 ਹੋ ਗਈ।