ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ’ਚ ਖੇਡੇ ਗਏ ਆਈਪੀਐਲ 2021 ਦੇ 10ਵੇਂ ਮੁਕਾਬਲੇ ’ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਰਾਇਲ ਚੈਲੈਂਜਰਜ਼ ਬੈਂਗਲੂਰੂ ਦੇ ਹੱਥੋਂ 38 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਰਸੀਬੀ ਨੇ ਪਹਿਲਾਂ ਖੇਡਦਿਆਂ 20 ਓਵਰਾਂ ਵਿੱਚ ਚਾਰ ਵਿਕੇਟਾਂ ਉੱਤੇ 204 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿੱਚ ਕੇਕੇਆਰ ਦੀ ਟੀਮ ਤੈਅ ਓਵਰਾਂ ਵਿੱਚ 66 ਦੌੜਾਂ ਹੀ ਬਣਾ ਸਕੀ।


ਇਸ ਸੀਜ਼ਨ ਵਿੱਚ ਕੋਲਕਾਤਾ ਦੀ ਇਹ ਲਗਾਤਾਰ ਦੂਜੀ ਹਾਰ ਹੈ। ਟੀਮ ਦੇ ਕਪਤਾਨ ਇਯੋਨ ਮੌਰਗਨ ਨੇ ਮੈਚ ਤੋਂ ਬਾਅਦ ਕਿਹਾ ਕਿ ਇਸ ਮੈਚ ਵਿੱਚ ਚੇਨਈ ਦੀ ਪਿੱਚ ਦਾ ਮਿਜ਼ਾਜ ਪਿਛਲੇ ਮੈਚਾਂ ਦੇ ਮੁਕਾਬਲੇ ਬਿਲਕੁਲ ਵੱਖਰਾ ਸੀ ਤੇ ਉਹ ਇਸ ਨੂੰ ਸਮਝ ਨਹੀਂ ਸਕੇ। ਨਾਲ ਹੀ ਉਨ੍ਹਾਂ ਆਰਸੀਬੀ ਦੇ ਬੱਲੇਬਾਜ਼ਾਂ ਦੀ ਵੀ ਤਾਰੀਫ਼ ਕੀਤੀ ਅਤੇ ਕਿਹਾ ਕਿ ਇਸ ਮੈਚ ਵਿੱਚ ਉਨ੍ਹਾਂ ਸਾਡੇ ਤੋਂ ਬਿਹਤਰ ਬੱਲੇਬਾਜ਼ੀ ਕੀਤੀ।


ਹਾਰ ਤੋਂ ਬਾਅਦ ਮੌਰਗਨ ਨੇ ਕਿਹਾ – ਚੇਨਈ ਦੀ ਇਸ ਪਿੱਚ ਨੇ ਮੈਨੂੰ ਬਹੁਤ ਹੈਰਾਨ ਕੀਤਾ। ਇਹ ਪਿਛਲੇ ਮੁਕਾਬਲਿਆਂ ਤੋਂ ਬਿਲਕੁਲ ਵੱਖਰੀ ਸੀ। ਸਾਰੇ ਬੱਲੇਬਾਜ਼ਾਂ ਨੇ ਇਸ ਵਿਕੇਟ ਉੱਤੇ ਵਧੀਆ ਖੇਡ ਖੇਡੀ ਪਰ ਮੈਨੂੰ ਲੱਗਦਾ ਹੈ ਕਿ ਆਰਸੀਬੀ ਦੇ ਬੱਲੇਬਾਜ਼ ਇਸ ਪਿੱਚ ਉੱਤੇ ਸਾਡੇ ਤੋਂ ਕਿਤੇ ਬਿਹਤਰ ਸਨ। ਮੈਨੂੰ ਖ਼ੁਸ਼ੀ ਹੈ ਕਿ ਅਸੀਂ ਇੱਥੋਂ ਜਾ ਰਹੇ ਹਾਂ। ਉਮੀਦ ਹੈ ਕਿ ਮੁੰਬਈ ਵਿੱਚ ਹਾਲਾਤ ਜ਼ਿਆਦਾ ਬਿਹਤਰ ਹੋਣਗੇ।


ਇਯੋਨ ਮੌਰਗਨ ਨੇ ਆਰਸੀਬੀ ਦੀ ਜਿੱਤ ਦੇ ਹੀਰੋ ਮੈਕਸਵੈੱਲ ਤੇ ਡੀਵੀਲਿਅਰਜ਼ ਦੀ ਵੀ ਰੱਜ ਕੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ਮੈਕਸਵੈਲ ਇੱਕ ਬਹੁਤ ਹੀ ਸ਼ਾਨਦਾਰ ਖਿਡਾਰੀ ਹਨ ਤੇ ਉਹ ਇਸ ਵੇਲੇ ਬਿਹਤਰੀਨ ਕ੍ਰਿਕੇਟ ਖੇਡ ਰਹੇ ਹਨ ਪਰ ਡੀਵੀਲੀਅਰਜ਼ ਇੱਕ ਬਿਲਕੁਲ ਹੀ ਵੱਖਰੇ ਬੱਲੇਬਾਜ਼ ਹਨ ਤੇ ਉਨ੍ਹਾਂ ਵਿਰੁੱਧ ਤੁਸੀਂ ਕੁਝ ਜ਼ਿਆਦਾ ਯੋਜਨਾ ਨਹੀਂ ਉਲੀਕ ਸਕਦੇ। ਉਹ ਮੈਦਾਨ ਦੇ ਚਾਰੇ ਪਾਸੇ ਖੇਡਣ ’ਚ ਮਾਹਿਰ ਹਨ।


ਉਨ੍ਹਾਂ ਇਹ ਵੀ ਕਿਹਾ ਕਿ ਟੀਚੇ ਦਾ ਪਿੱਛਾ ਕਰਦਿਆਂ ਸਾਡੀ ਟੀਮ ਨੇ ਕਾਫ਼ੀ ਸੰਘਰਸ਼ ਕੀਤਾ। ਮੈਚ ਜਿਸ ਹਾਲਤ ਵਿੱਚ ਪੁੱਜ ਗਿਆ ਸੀ, ਉੱਥੋਂ ਸਿਰਫ਼ ਆਂਦ੍ਰੇ ਰੱਸੇਲ ਹੀ ਸਾਨੂੰ ਕੱਢ ਸਕਦੇ ਸਨ। ਉਹ ਪਹਿਲਾਂ ਵੀ ਕਈ ਵਾਰ ਔਖੇ ਹਾਲਾਤ ਵਿੱਚੋਂ ਸਾਨੂੰ ਮੈਚ ਜਿਤਾ ਚੁੱਕੇ ਹਨ ਪਰ ਸ਼ਾਇਦ ਅੱਜ ਉਨ੍ਹਾਂ ਦਾ ਦਿਨ ਨਹੀਂ ਸੀਪ। ਅੱਜ ਦੇ ਮੈਚ ਵਿੱਚ ਬੰਗਲੌਰ ਦੀ ਗੇਂਦਬਾਜ਼ੀ ਵੀ ਬਿਹਤਰ ਸੀ।