IPL 2021: ਇੰਡੀਅਨ ਪ੍ਰੀਮੀਅਰ ਲੀਗ (IPL 2021) ਦਾ 14ਵਾਂ ਸੀਜ਼ਨ ਅਜੇ ਸ਼ੁਰੂਆਤੀ ਦੌਰ 'ਚ ਹੈ। ਪਰ ਹਰ ਦਿਨ ਬੇਹੱਦ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਦਾ ਹੈ। ਬੁੱਧਵਾਰ ਬੇਹੱਦ ਰੋਮਾਂਚਕ ਮੁਕਾਬਲੇ 'ਚ ਵਿਰਾਟ ਕੋਹਲੀ ਦੀ ਆਰਸੀਬੀ ਨੇ ਕਰੀਬ ਹਾਰੀ ਹੋਈ ਬਾਜ਼ੀ ਨੂੰ ਆਪਣੇ ਨਾਂਅ ਕਰ ਲਿਆ। ਆਰਸੀਬੀ ਨੇ ਸਨਰਾਇਜਰਸ ਹੈਦਰਾਬਾਦ ਨੂੰ 6 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ 'ਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ।
ਹੈਦਰਾਬਾਦ ਨੇ ਚੰਗੀ ਗੇਂਦਬਾਜ਼ੀ ਸ਼ੁਰੂ ਕਰਕੇ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ 20 ਓਵਰ 'ਚ 149 ਰਨ 'ਤੇ ਰੋਕ ਦਿੱਤਾ। ਇਸ ਟੀਚੇ ਦਾ ਪਿੱਛਾ ਕਰਦਿਆਂ ਡੇਵਿਡ ਵਾਰਨਰ ਤੇ ਮਨੀਸ਼ ਪਾਂਡੀ ਦੀਆਂ ਚੰਗੀਆਂ ਪਾਰੀਆਂ ਦੀ ਬਦੌਲਤ ਹੈਦਰਾਬਾਦ ਦੀ ਜਿੱਤ ਕਰੀਬ ਤੈਅ ਹੋ ਚੁੱਕੀ ਸੀ। ਪਰ ਇਨ੍ਹਾਂ ਦੋਵੇਂ ਖਿਡਾਰੀਆਂ ਦੇ ਆਊਟ ਹੋਣ ਮਗਰੋਂ ਵਿਰਾਟ ਕੋਹਲੀ ਦੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਤੇ ਹੈਦਰਾਬਾਦ ਨੂੰ 20 ਓਵਰ 'ਚ 143 ਦੌੜਾਂ 'ਤੇ ਹੀ ਰੋਕ ਦਿੱਤਾ। ਇਸ ਤਰ੍ਹਾਂ ਆਰਸੀਬੀ ਨੇ 2009 ਤੋਂ ਬਾਅਦ ਪਹਿਲੀ ਵਾਰ ਇਕ ਸੀਜ਼ਨ ਦੇ ਪਹਿਲੇ ਦੋ ਮੈਚਾਂ 'ਚ ਜਿੱਤ ਦਰਜ ਕੀਤੀ।
105 ਰਨ ਦੇ ਟੀਚੇ ਦਾ ਪਿੱਛਾ ਕਰਦਿਆਂ ਵਾਰਨਰ ਨੇ 54 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਜਦਕਿ ਮਨੀਸ਼ ਪਾਂਡੇ ਨੇ 38 ਦੌੜਾਂ ਬਣਾ ਕੇ ਉਸ ਦਾ ਚੰਗਾ ਸਾਥ ਦਿੱਤਾ। ਇਨ੍ਹਾਂ ਦੋਵਾਂ ਨੇ ਦੂਜੇ ਵਿਕੇਟ ਲਈ 83 ਦੌੜਾਂ ਦੀ ਸਾਂਝੇਦਾਰੀ ਕੀਤੀ। ਵਾਰਨਰ ਦਾ ਵਿਕੇਟ 96 ਦੇ ਕੁੱਲ ਯੋਗ 'ਤੇ ਡਿੱਗਿਆ। ਵਾਰਨਰ ਨੂੰ ਕਾਇਲ ਜੇਮਿਸਨ ਨੇ ਡੇਨਿਅਰ ਕ੍ਰਿਸਟੀਅਨ ਦੇ ਹੱਥੋਂ ਕੈਚ ਕਰਾਇਆ।
ਹੈਦਰਾਬਾਦ ਨੂੰ ਜਿੱਤ ਲਈ 24 ਗੇਂਦਾਂ 'ਤੇ 35 ਦੌੜਾਂ ਦੀ ਲੋੜ ਸੀ। 17ਵਾਂ ਓਵਰ ਲੈਕੇ ਆਏ ਸ਼ਾਹਬਾਜ਼ ਅਹਿਮਦ ਨੇ ਬੇਅਰਸਟੋ ਨੂੰ ਪਹਿਲੀ ਹੀ ਗੇਂਦ 'ਤੇ ਆਊਟ ਕਰਕੇ ਹੈਦਰਾਬਾਦ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ। ਉਹ ਇੱਥੇ ਹੀ ਨਹੀਂ ਰੁਕੇ ਤੇ ਅਗਲੀ ਗੇਂਦ 'ਤੇ ਪਾਂਡੇ ਨੂੰ ਵੀ ਚੱਲਦਾ ਕਰ ਹੈਦਰਾਬਾਦ ਨੂੰ ਹੋਰ ਮੁਸ਼ਕਿਲ 'ਚ ਪਾ ਦਿੱਤਾ। ਆਖਰ 'ਚ ਹੈਦਰਾਬਾਦ ਦੀ ਟੀਮ ਟੀਚੇ ਤੋਂ 6 ਦਨ ਦੂਰ ਰਹਿ ਗਈ।
ਮੈਕਸਵੇਲ ਨੇ ਖੇਡੀ ਸ਼ਾਨਦਾਰ ਪਾਰੀ
ਇਸ ਤੋਂ ਪਹਿਲਾਂ ਬੈਂਗਲੌਰ ਨੇ ਇਸ ਮੈਚ 'ਚ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰ 'ਚ ਅੱਠ ਵਿਕੇਟ ਤੇ 149 ਰਨ ਬਣਾਏ। ਬੈਂਗਲੌਰ ਵੱਲੋਂ ਗਲੇਨ ਮੈਕਸਵੇਲ ਨੇ 41 ਗੇਂਦਾਂ 'ਤੇ ਪੰਜ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 59 ਰਨਰ ਤੇ ਕਪਤਾਨ ਵਿਰਾਟ ਕੋਹਲੀ ਨੇ 29 ਗੇਂਦਾਂ 'ਤੇ ਚਾਰ ਚੌਕਿਆਂ ਦੀ ਮਦਦ ਨਾਲ 33 ਦੌੜਾਂ ਬਣਾਈਆਂ। ਮੈਕਸਵੇਲ ਨੂੰ ਆਪਣੀ ਇਸ ਸ਼ਾਨਦਾਰ ਫਿਫਟੀ ਲਈ ਮੈਨ 'ਆਫ ਦ ਮੈਚ' ਦਾ ਐਵਾਰਡ ਵੀ ਦਿੱਤਾ ਗਿਆ।
ਹੈਦਰਾਬਾਦ ਵੱਲੋਂ ਜੇਸਨ ਹੋਲਡਰ ਨੇ ਤਿੰਨ ਵਿਕੇਟ ਤੇ ਰਾਸ਼ਿਦ ਖਾਨ ਨੇ ਦੋ ਵਿਕੇਟ ਲਈ ਜਦਕਿ ਭੁਵਨੇਸ਼ਵਰ ਕੁਮਾਰ, ਸ਼ਾਹਬਾਜ ਨਦੀਮ ਤੇ ਟੀ.ਨਟਰਾਜਨ ਨੇ ਇਕ-ਇਕ ਵਿਕੇਟ ਲਿਆ।