IPL 2021: ਪੰਜਾਬ ਕਿੰਗਜ਼ ਨੇ ਆਈਪੀਐਲ ਸੀਜ਼ਨ ਦੇ ਚੌਥੇ ਮੈਚ ’ਚ ਰਾਜਸਥਾਨ ਰਾਇਲਜ਼ ਨੂੰ 4 ਦੌੜਾਂ ਨਾਲ ਹਰਾ ਦਿੱਤਾ। ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ ਸੈਂਕੜੇ ਦੀ ਪਾਰੀ ਖੇਡ ਕੇ ਇਕ ਅਜਿਹਾ ਰਿਕਾਰਡ ਆਪਣੇ ਨਾਮ ਕੀਤਾ, ਜਿਸ ਨੂੰ ਕੋਈ ਖਿਡਾਰੀ ਨਹੀਂ ਬਣਾ ਸਕਿਆ।
ਸੰਜੂ ਸੈਮਸਨ ਨੇ 119 ਦੌੜਾਂ ਬਣਾਈਆਂ। ਆਈਪੀਐਲ ’ਚ ਕਪਤਾਨ ਵਜੋਂ ਸੰਜੂ ਸੈਮਸਨ ਦਾ ਇਹ ਪਹਿਲਾ ਮੈਚ ਸੀ। ਉਨ੍ਹਾਂ ਨੇ ਬਤੌਰ ਕਪਤਾਨ ਆਪਣੇ ਡੈਬਿਊ ਮੈਚ ’ਚ ਸੈਂਕੜਾ ਜੜ ਕੇ ਇਕ ਵੱਡਾ ਰਿਕਾਰਡ ਬਣਾਇਆ ਹੈ। ਸੰਜੂ ਸੈਮਸਨ ਆਈਪੀਐਲ ਦੇ ਇਤਿਹਾਸ ’ਚ ਕਪਤਾਨ ਵਜੋਂ ਡੈਬਿਊ ਕਰਦਿਆਂ ਸੈਂਕੜਾ ਲਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ।
ਸੰਜੂ ਸੈਮਸਨ ਨੇ 119 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ 63 ਗੇਂਦਾਂ ਦਾ ਸਾਹਮਣਾ ਕੀਤਾ। ਉਨ੍ਹਾਂ ਨੇ ਆਈਪੀਐਲ ਕਰੀਅਰ ਦਾ ਆਪਣਾ ਤੀਜਾ ਸੈਂਕੜਾ ਲਗਾਇਆ। ਇਸ ਤੋਂ ਪਹਿਲਾਂ ਉਹ ਸਾਲ 2017 ’ਚ ਪੁਣੇ ਦੀ ਟੀਮ ਅਤੇ ਸਾਲ 2019 ’ਚ ਹੈਦਰਾਬਾਦ ਦੇ ਵਿਰੁੱਧ ਸੈਂਕੜਾ ਜੜ ਚੁੱਕੇ ਹਨ।
ਇਸ ਖਿਡਾਰੀ ਤੋਂ ਪਿੱਛੇ ਸੰਜੂ
ਆਈਪੀਐਲ ਦੇ ਇਤਿਹਾਸ ’ਚ ਜੇ ਭਾਰਤੀ ਕ੍ਰਿਕਟਰਾਂ ਵੱਲੋਂ ਸੈਂਕੜਾ ਲਗਾਉਣ ਦੀ ਗੱਲ ਕੀਤੀ ਜਾਵੇ ਤਾਂ ਸੰਜੂ ਸੈਮਸਨ ਹੁਣ ਸਿਰਫ਼ ਵਿਰਾਟ ਕੋਹਲੀ ਤੋਂ ਪਿੱਛੇ ਹਨ। ਵਿਰਾਟ ਨੇ ਆਈਪੀਐਲ ’ਚ 5 ਸੈਂਕੜੇ ਲਗਾਏ ਹਨ।
ਟੀਚੇ ਦਾ ਪਿੱਛਾ ਕਰਦਿਆਂ ਰਾਜਸਥਾਨ ਦੀ ਚੰਗੀ ਸ਼ੁਰੂਆਤ ਨਹੀਂ ਹੋਈ। ਰਾਜਸਥਾਨ ਨੇ ਬੇਨ ਸਟੌਕਸ (0) ਅਤੇ ਮਨਨ ਵੋਹਰਾ (12) ਦੀਆਂ ਵਿਕਟਾਂ ਸਿਰਫ਼ 25 ਦੌੜਾਂ ’ਤੇ ਗੁਆ ਦਿੱਤੀਆਂ ਸਨ। ਫਿਰ ਸੰਜੂ ਸੈਮਸਨ ਨੇ ਇਕ ਸਿਰੇ ਤੋਂ ਜ਼ਿੰਮੇਵਾਰੀ ਸੰਭਾਲੀ ਤੇ ਮੈਚ ਨੂੰ ਅੰਤ ਤਕ ਲੈ ਗਏ। ਹਾਲਾਂਕਿ ਉਹ ਟੀਮ ਨੂੰ ਜਿੱਤ ਦਿਵਾਉਣ ਤੋਂ ਖੁੰਝ ਗਏ।