ਬੈਂਗਲੁਰੂ 'ਚ ਸ਼ਨੀਵਾਰ ਨੂੰ ਹੋਇਆ ਆਰ.ਸੀ.ਬੀ. ਤੇ ਕੇ.ਕੇ.ਆਰ. ਵਿਚਕਾਰ ਮੈਚ ਤੇਜ਼ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਕੋਲਕਾਤਾ ਨਾਈਟ ਰਾਈਡਰਜ਼ ਪਲੇਆਫ਼ ਦੀ ਦੌੜ 'ਚੋਂ ਬਾਹਰ ਹੋ ਗਈ, ਜਦਕਿ ਰਾਇਲ ਚੈਲੈਂਜਰਜ਼ ਬੈਂਗਲੁਰੂ ਅੰਕ ਸੂਚੀ 'ਚ ਟੌਪ 'ਤੇ ਆ ਗਈ। ਵਿਰਾਟ ਕੋਹਲੀ ਨੂੰ ਸਨਮਾਨ ਦੇਣ ਲਈ ਫੈਨਜ਼ ਇਹ ਮੈਚ ਵੇਖਣ ਵਾਈਟ ਜਰਸੀ ਪਹਿਨ ਕੇ ਪਹੁੰਚੇ ਸਨ, ਪਰ ਉਹ ਉਸ ਵੇਲੇ ਨਿਰਾਸ਼ ਹੋ ਗਏ ਜਦੋਂ ਬਿਨਾਂ ਇੱਕ ਵੀ ਗੇਂਦ ਖੇਡੇ ਮੈਚ ਰੱਦ ਕਰਨਾ ਪਿਆ।
ਮੀਂਹ ਦੌਰਾਨ ਅਸਮਾਨ 'ਚ ਇਕ ਐਸਾ ਨਜ਼ਾਰਾ ਵੇਖਣ ਨੂੰ ਮਿਲਿਆ ਜੋ ਹਰ ਕਿਸੇ ਨੂੰ ਹੈਰਾਨ ਕਰ ਗਿਆ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਤਰੀਕੇ ਨਾਲ ਵਾਇਰਲ ਹੋ ਰਹੀ ਹੈ।
12 ਮਈ ਨੂੰ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕਰ ਦਿੱਤੀ ਸੀ। ਕਈ ਫੈਨਜ਼ ਇਸ ਤੋਂ ਨਿਰਾਸ਼ ਹੋਏ ਕਿਉਂਕਿ ਉਨ੍ਹਾਂ ਨੇ ਬਿਨਾਂ ਕਿਸੇ ਫੇਅਰਵੈਲ ਮੈਚ ਦੇ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਇਸ ਕਾਰਨ, ਫੈਨਜ਼ ਨੇ ਇੱਕ ਯੋਜਨਾ ਬਣਾਈ ਕਿ ਉਹ ਕੋਹਲੀ ਨੂੰ ਸਨਮਾਨ ਦੇਣ ਲਈ RCB ਦੇ ਅਗਲੇ ਮੈਚ ਵਿੱਚ ਸਫੈਦ ਜਰਸੀ ਪਹਿਨ ਕੇ ਸਟੇਡੀਅਮ ਆਉਣਗੇ। ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਵੀ ਕੋਹਲੀ ਦੇ ਨਾਮ ਵਾਲੀਆਂ ਸਫੈਦ ਜਰਸੀਆਂ ਵੇਚੀਆਂ ਜਾਣ ਲੱਗ ਪਈਆਂ। ਸ਼ਨੀਵਾਰ ਨੂੰ ਫੈਨਜ਼ ਸਫੈਦ ਜਰਸੀ ਪਹਿਨੇ ਸਟੇਡੀਅਮ ਵਿੱਚ ਨਜ਼ਰ ਆਏ, ਪਰ ਕਿਸਮਤ ਖਰਾਬ ਰਹੀ ਕਿ ਉਹ ਆਪਣੇ ਮਨਪਸੰਦ ਖਿਡਾਰੀ ਨੂੰ ਖੇਡਦਾ ਨਹੀਂ ਦੇਖ ਸਕੇ।
ਪੰਛੀਆਂ ਦੇ ਝੁੰਡ ਨੇ ਖਿੱਚਿਆ ਸਭ ਦਾ ਧਿਆਨ
ਫੈਨਜ਼ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਕੁਦਰਤ ਵੱਲੋਂ ਵੀ ਆਸਮਾਨ ਰਾਹੀਂ ਵਿਰਾਟ ਕੋਹਲੀ ਨੂੰ ਸਨਮਾਨ ਦਿੱਤਾ ਜਾ ਰਿਹਾ ਸੀ। ਦਰਅਸਲ, ਵਰਖਾ ਦੌਰਾਨ ਚਿੰਨਾਸਵਾਮੀ ਸਟੇਡੀਅਮ ਦੇ ਉੱਪਰ ਸਫੈਦ ਪੰਛੀਆਂ ਦਾ ਇੱਕ ਝੁੰਡ ਉੱਡ ਰਿਹਾ ਸੀ ਜੋ ਸਟੇਡੀਅਮ ਦੇ ਚੱਕਰ ਲਗਾ ਰਿਹਾ ਸੀ। ਇਸ ਮੰਜ਼ਰ ਨੂੰ ਦੇਖਣ ਦੇ ਬਾਅਦ ਫੈਨਜ਼ ਕਹਿਣ ਲੱਗ ਪਏ ਕਿ "ਦੇਖੋ, ਇਹ ਸਫੈਦ ਪੰਛੀ ਵੀ ਕੋਹਲੀ ਦੇ ਸਨਮਾਨ ਵਿੱਚ ਸਟੇਡੀਅਮ ਆਏ ਹਨ!"
ਕੀ RCB ਪਹੁੰਚ ਗਈ IPL ਪਲੇਆਫ਼ ’ਚ?
KKR ਦੇ ਖਿਲਾਫ ਰੱਦ ਹੋਏ ਮੈਚ ਤੋਂ ਬਾਅਦ RCB ਨੂੰ 1 ਅੰਕ ਮਿਲਿਆ, ਜਿਸ ਨਾਲ ਉਹ 17 ਅੰਕਾਂ ਨਾਲ ਸਭ ਤੋਂ ਉਪਰ ਆ ਗਈ ਹੈ। ਪਰ ਹਾਲੇ ਵੀ RCB ਦਾ ਪਲੇਆਫ਼ ਵਿਚ ਜ਼ਰੂਰੀ ਤੌਰ 'ਤੇ ਦਾਖ਼ਲਾ ਪੱਕਾ ਨਹੀਂ ਹੋਇਆ।
ਜੇਕਰ ਐਤਵਾਰ ਨੂੰ ਰਾਜਸਥਾਨ ਰਾਇਲਜ਼ ਪੰਜਾਬ ਕਿੰਗਜ਼ ਨੂੰ ਹਰਾ ਦਿੰਦੀ ਹੈ ਜਾਂ ਗੁਜਰਾਤ ਟਾਈਟਨਜ਼ ਦਿੱਲੀ ਕੈਪੀਟਲਜ਼ ਨੂੰ ਹਰਾ ਦਿੰਦੀ ਹੈ, ਤਾਂ RCB ਦਾ ਪਲੇਆਫ਼ ਸਥਾਨ ਪੱਕਾ ਹੋ ਜਾਵੇਗਾ। ਨਹੀਂ ਤਾਂ ਉਹ ਆਪਣਾ ਅਗਲਾ ਮੈਚ ਜਿੱਤ ਕੇ ਵੀ ਪਲੇਆਫ਼ ਦੀ ਟਿਕਟ ਪੱਕੀ ਕਰ ਸਕਦੀ ਹੈ।
ਵਿਰਾਟ ਕੋਹਲੀ ਹੁਣ ਤੱਕ RCB ਵੱਲੋਂ ਸਭ ਤੋਂ ਵੱਧ ਰਨ ਬਣਾਉਣ ਵਾਲਾ ਬੱਲੇਬਾਜ਼ ਹੈ। ਉਸਨੇ 11 ਮੈਚਾਂ 'ਚ 505 ਰਨ ਬਣਾਏ ਹਨ। ਔਰੇਂਜ ਕੈਪ ਹੋਲਡਰ ਸੂਰਿਆਕੁਮਾਰ ਯਾਦਵ ਉਨ੍ਹਾਂ ਤੋਂ ਸਿਰਫ਼ 5 ਰਨ ਅੱਗੇ ਹਨ।