IPL 2022: ਉਮਰ 21 ਸਾਲ। ਕੱਦ 6 ਫੁੱਟ, 8 ਇੰਚ। ਪੇਸ਼ਾ- ਕ੍ਰਿਕਟਰ। ਭੂਮਿਕਾ- ਗੇਂਦਬਾਜ਼ ਤੇ ਪ੍ਰਭਾਵ ਅਜਿਹਾ ਕਿ 5 ਗੇਂਦਾਂ 'ਚ 3 ਵਿਕਟਾਂ। ਸਿਰਫ਼ 3 ਦੌੜਾਂ ਦੇ ਕੇ ਵਿਰੋਧੀ ਟੀਮ ਦੀ ਨੀਂਦ ਉਡਾ ਦਿੱਤੀ। ਇਸ ਗੇਂਦਬਾਜ ਨੇ ਟੌਪ ਆਰਡਰ ਨੂੰ ਉਖਾੜ ਸੁੱਟਿਆ। ਸਿਰਫ਼ ਇੱਕ ਓਵਰ 'ਚ ਹੀ ਆਪਣੀ ਟੀਮ ਦੀ ਜਿੱਤ ਦੀ ਨੀਂਹ ਰੱਖ ਦਿੱਤੀ। IPL-2022 ਦੀ ਪਿੱਚ 'ਤੇ ਖੇਡੇ ਗਏ ਮੈਚ 'ਚ ਉਸ ਨੇ ਆਪਣੇ ਕੋਟੇ ਦੇ ਪੂਰੇ 4 ਓਵਰ ਸੁੱਟੇ ਪਰ ਉਸ ਨੂੰ ਹੀਰੋ ਬਣਾਉਣ ਲਈ ਸਿਰਫ਼ 1 ਓਵਰ ਹੀ ਕਾਫ਼ੀ ਸੀ।

ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਮਾਰਕੋ ਜੈਨਸਨ (Marco Jansen) ਦੀ, ਜਿਨ੍ਹਾਂ ਨੇ ਰਾਇਲ ਚੈਲੰਜਰਜ਼ ਬੰਗਲੁਰੂ ਖ਼ਿਲਾਫ਼ ਘਾਤਕ ਗੇਂਦਬਾਜ਼ੀ ਕੀਤੀ। ਦੱਖਣੀ ਅਫ਼ਰੀਕਾ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਮੈਚ ਦੇ ਆਪਣੇ ਪਹਿਲੇ ਹੀ ਓਵਰ 'ਚ ਅਜਿਹਾ ਗਦਰ ਮਚਾਇਆ ਕਿ ਫਾਫ ਡੂ ਪਲੇਸਿਸ ਤੋਂ ਲੈ ਕੇ ਵਿਰਾਟ ਕੋਹਲੀ ਤੱਕ ਹਰ ਸਾਰੇ ਢੇਰ ਹੋ ਗਏ।

ਲੰਬੇ ਕੱਦ ਦੇ ਜੈਨਸਨ ਨੇ ਆਪਣੇ ਹਾਈ ਆਰਮ ਐਕਸ਼ਨ ਨਾਲ 3 ਬੱਲੇਬਾਜ਼ਾਂ ਦਾ ਸ਼ਿਕਾਰ ਕੀਤਾ, ਜਿਨ੍ਹਾਂ ਵਿੱਚੋਂ ਦੋ ਬੱਲੇਬਾਜ਼ਾਂ ਨੇ ਕ੍ਰਿਕਟ ਦੀ ਟ੍ਰੇਨਿੰਗ ਇੱਕ ਹੀ ਸਕੂਲ ਤੋਂ ਪ੍ਰਾਪਤ ਕੀਤੀ ਹੈ। ਮਤਲਬ ਦੋਵਾਂ ਨੇ ਇੱਕ ਹੀ ਅਕੈਡਮੀ ਤੋਂ ਕ੍ਰਿਕਟ ਸਿੱਖਿਆ। ਜੈਨਸਨ ਨੇ ਡੂ ਪਲੇਸਿਸ ਅਤੇ ਵਿਰਾਟ ਤੋਂ ਇਲਾਵਾ ਅਨੁਜ ਰਾਵਤ ਦਾ ਤੀਜਾ ਵਿਕਟ ਲਿਆ। ਇਨ੍ਹਾਂ 'ਚ ਵਿਰਾਟ ਤੇ ਅਨੁਜ ਇਕ ਹੀ ਕ੍ਰਿਕਟ ਅਕੈਡਮੀ ਤੋਂ ਨਿਕਲੇ ਪ੍ਰੋਡਕਟ ਹਨ। ਦੋਵਾਂ ਨੇ ਵੈਸਟ ਦਿੱਲੀ ਕ੍ਰਿਕਟ ਅਕੈਡਮੀ ਤੋਂ ਕ੍ਰਿਕਟ ਦੇ ਗੁਰ ਸਿੱਖੇ ਹਨ।

ਦੂਜੀ ਤੇ ਤੀਜੀ ਗੇਂਦ 'ਤੇ ਲਿਆ ਡੂ ਪਲੇਸਿਸ ਤੇ ਵਿਰਾਟ ਦਾ ਵਿਕਟ
ਮਾਰਕੋ ਜੈਨਸਨ ਨੇ ਮੈਚ ਦੇ ਦੂਜੇ ਓਵਰ ਤੋਂ ਹੀ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ। ਇਸ ਓਵਰ ਦੀ ਪਹਿਲੀ ਗੇਂਦ 'ਤੇ ਕੋਈ ਦੌੜ ਨਹੀਂ ਬਣੀ। ਦੂਜੀ ਗੇਂਦ 'ਤੇ ਉਨ੍ਹਾਂ ਨੇ ਆਪਣੇ ਹਮਵਤਨ ਅਤੇ ਆਰਸੀਬੀ ਦੇ ਕਪਤਾਨ ਫਾਫ ਡੂ ਪਲੇਸਿਸ ਦੀਆਂ ਗਿੱਲੀਆਂ ਉਡਾ ਦਿੱਤੀਆਂ। ਇਸ ਤੋਂ ਬਾਅਦ ਅਗਲੀ ਹੀ ਗੇਂਦ 'ਤੇ ਵਿਰਾਟ ਕੋਹਲੀ ਵੀ ਸਲਿਪ 'ਚ ਐਡਨ ਮਾਰਕਰਮ ਦੇ ਹੱਥੋਂ ਕੈਚ ਹੋ ਗਏ। ਵਿਰਾਟ ਲਗਾਤਾਰ ਦੂਜੇ ਮੈਚ 'ਚ ਗੋਲਡਨ ਡੱਕ ਹੋਏ।





5 ਗੇਂਦਾਂ 'ਚ ਲਈਆਂ 3 ਵਿਕਟਾਂ
ਹੁਣ ਜੈਨਸਨ ਹੈਟ੍ਰਿਕ 'ਤੇ ਸਨ। ਆਰਸੀਬੀ ਦੀਆਂ 2 ਵਿਕਟਾਂ 5 ਦੌੜਾਂ 'ਤੇ ਡਿੱਗ ਗਈਆਂ ਸਨ। ਪਰ ਮੈਕਸਵੈੱਲ ਨੇ ਓਵਰ ਦੀ ਚੌਥੀ ਗੇਂਦ ਚੰਗੀ ਤਰ੍ਹਾਂ ਖੇਡੀ ਅਤੇ ਹੈਟ੍ਰਿਕ ਨਾ ਹੋਣ ਦਿੱਤੀ। ਇਸ ਤੋਂ ਬਾਅਦ ਜੈਨਸਨ ਨੇ 5ਵੀਂ ਗੇਂਦ ਨੂੰ ਸਹੀ ਸੁੱਟਣ ਤੋਂ ਪਹਿਲਾਂ 2 ਵਾਈਡਾਂ ਸੁੱਟੀਆਂ। ਫਿਰ ਮੈਕਸਵੈੱਲ ਨੇ ਸਿੰਗਲ ਲਿਆ ਅਤੇ ਅਨੁਜ ਰਾਵਤ ਸਟ੍ਰਾਈਕ 'ਤੇ ਆ ਗਏ। ਆਰਸੀਬੀ ਦਾ ਸਕੋਰ ਹੁਣ 2 ਵਿਕਟਾਂ 'ਤੇ 8 ਦੌੜਾਂ ਸੀ। ਓਵਰ ਦੀ ਆਖਰੀ ਗੇਂਦ ਨੇ ਅਨੁਜ ਰਾਵਤ ਦੇ ਬੱਲੇ ਦਾ ਕਿਨਾਰਾ ਲਿਆ ਅਤੇ ਉਹ ਵੀ ਵਿਰਾਟ ਵਾਂਗ ਮਾਰਕਰਾਮ ਦੇ ਹੱਥੋਂ ਸਲਿੱਪ 'ਚ ਕੈਚ ਹੋ ਗਏ। ਇਸ ਤਰ੍ਹਾਂ ਸਿਰਫ਼ 5 ਗੇਂਦਾਂ 'ਚ ਜੈਨਸਨ ਨੇ 3 ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ।





ਸਨਰਾਈਜ਼ਰਸ ਹੈਦਰਾਬਾਦ ਵੱਲੋਂ ਖੇਡਦੇ ਹੋਏ ਜੈਨਸਨ ਨੇ ਆਰਸੀਬੀ ਦੇ ਖ਼ਿਲਾਫ਼ 4 ਓਵਰ ਸੁੱਟੇ ਤੇ 25 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਉਨ੍ਹਾਂ ਨੂੰ ਪਲੇਅਰ ਆਫ਼ ਦੀ ਮੈਚ ਚੁਣਿਆ ਗਿਆ, ਕਿਉਂਕਿ ਉਨ੍ਹਾਂ ਨੇ ਆਰਸੀਬੀ ਦੇ ਟਾਪ ਆਰਡਰ ਨੂੰ ਢੇਰ ਕਰਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਸੀ।