(Source: Poll of Polls)
IPL ਕਵਾਲੀਫਾਇਰ-ਐਲੀਮੀਨੇਟਰ 'ਤੇ ਮੰਡਰਾ ਰਿਹਾ ਮੀਂਹ ਦਾ ਖਤਰਾ; ਮੌਸਮ ਵਿਭਾਗ ਵਲੋਂ ਅਲਰਟ ਜਾਰੀ, ਮੁੱਲਾਂਪੁਰ ਸਟੇਡੀਅਮ 'ਚ ਲਗਾਤਾਰ ਹੋਣੇ 2 ਮੈਚ
22 ਮਾਰਚ ਤੋਂ ਚੱਲ ਰਹੀ ਇੰਡੀਅਨ ਪ੍ਰੀਮੀਅਰ ਲੀਗ ਹੁਣ ਆਪਣੇ ਆਖਰੀ ਪੜਾਅ 'ਚ ਪਹੁੰਚ ਗਈ ਹੈ। ਕੱਲ੍ਹ ਰਾਤ ਹੋਏ ਮੈਚ ਚ ਪੰਜਾਬ ਕਿੰਗਜ਼ ਨੇ ਕਵਾਲੀਫਾਇਰ ਦੇ ਲਈ ਆਪਣੀ ਥਾਂ ਪੱਕੀ ਕਰ ਲਈ ਹੈ। 29 ਮਈ ਤੋਂ ਪਲੇਆਫ਼ ਮੁਕਾਬਲੇ ਸ਼ੁਰੂ ਹੋਣਗੇ।

IPL Qualifier and Eliminator: 22 ਮਾਰਚ ਤੋਂ ਚੱਲ ਰਹੀ ਇੰਡੀਅਨ ਪ੍ਰੀਮੀਅਰ ਲੀਗ (IPL) ਹੁਣ ਆਪਣੇ ਆਖਰੀ ਪੜਾਅ 'ਚ ਪਹੁੰਚ ਗਈ ਹੈ। ਲੀਗ ਸਟੇਜ ਦਾ ਹੁਣ ਸਿਰਫ਼ ਇਕ ਹੀ ਮੈਚ ਬਾਕੀ ਹੈ, ਜੋ 27 ਮਈ ਨੂੰ ਲਖਨਊ ਸੁਪਰ ਜਾਇੰਟਸ (LSG) ਤੇ ਰਾਇਲ ਚੈਲੈਂਜਰਜ਼ ਬੈਂਗਲੁਰੂ (RCB) ਵਿਚਾਲੇ ਖੇਡਿਆ ਜਾਵੇਗਾ। 28 ਮਈ ਨੂੰ ਕੋਈ ਮੈਚ ਨਹੀਂ ਹੋਵੇਗਾ। 29 ਮਈ ਤੋਂ ਪਲੇਆਫ਼ ਮੁਕਾਬਲੇ ਸ਼ੁਰੂ ਹੋਣਗੇ।
ਕਵਾਲੀਫਾਇਰ-1 ਅਤੇ ਐਲੀਮੀਨੇਟਰ ਮੁਕਾਬਲਿਆਂ ਲਈ ਚੰਡੀਗੜ੍ਹ ਦੇ ਨੇੜਲੇ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਨੂੰ ਚੁਣਿਆ ਗਿਆ ਹੈ, ਜਿੱਥੇ 28 ਤੇ 29 ਮਈ ਨੂੰ ਮੈਚ ਹੋਣਗੇ। ਪਰ, ਇਨ੍ਹਾਂ ਦੋਹਾਂ ਮੈਚਾਂ 'ਤੇ ਮੀਂਹ ਦਾ ਖਤਰਾ ਮੰਡਰਾ ਰਿਹਾ ਹੈ।
ਚੰਡੀਗੜ੍ਹ ਵਿੱਚ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਅਨੁਮਾਨ ਲਗਾਇਆ ਹੈ ਕਿ 29 ਤੇ 30 ਮਈ ਨੂੰ ਮੀਂਹ ਨਾਲ ਤੇਜ਼ ਹਵਾ ਵੀ ਚੱਲੇਗੀ। ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ ਮੌਸਮ ਦਾ ਇਹ ਅਸਰ ਵੇਖਣ ਨੂੰ ਮਿਲੇਗਾ।
ਉੱਥੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਚੇਤਾਵਨੀ 'ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਤਰਫੋਂ ਦੋਹਾਂ ਮੈਚਾਂ ਲਈ ਪੂਰੀ ਤਿਆਰੀ ਕੀਤੀ ਗਈ ਹੈ। ਦੋਹਾਂ ਦਿਨ ਮੀਂਹ ਕਿੰਨਾ ਹੁੰਦਾ ਹੈ, ਇਸ 'ਤੇ ਉਨ੍ਹਾਂ ਦੀ ਨਿਗਰਾਨੀ ਬਣੀ ਰਹੇਗੀ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪੌਲ ਨੇ ਕਿਹਾ ਕਿ 29 ਅਤੇ 30 ਮਈ ਨੂੰ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਵਿੱਚ ਹਨ੍ਹੇਰੀ ਅਤੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਦਾ ਅਸਰ IPL ਦੇ ਮੈਚਾਂ 'ਤੇ ਵੀ ਪੈ ਸਕਦਾ ਹੈ।
ਮੁਲਾਂਪੁਰ 'ਚ ਹੋਣ ਵਾਲੇ ਆਗਾਮੀ ਮੈਚ:
29 ਮਈ ਨੂੰ ਹੋਵੇਗਾ ਕਵਾਲੀਫਾਇਰ-1:
IPL ਦੇ ਇਸ ਸੀਜ਼ਨ ਵਿੱਚ ਕੁੱਲ 70 ਮੈਚ ਖੇਡੇ ਜਾਣੇ ਹਨ। ਇਨ੍ਹਾਂ ਵਿੱਚੋਂ 68 ਮੈਚ ਹੋ ਚੁੱਕੇ ਹਨ। ਹੁਣ ਸਿਰਫ 26 ਅਤੇ 27 ਮਈ ਦੇ ਮੈਚ ਬਾਕੀ ਹਨ। ਇਨ੍ਹਾਂ ਦੋ ਮੈਚਾਂ ਤੋਂ ਬਾਅਦ ਜੋ ਦੋ ਟੀਮਾਂ ਸਿਖਰ 'ਤੇ ਰਹਿਣਗੀਆਂ, ਉਹ 29 ਮਈ ਨੂੰ ਕਵਾਲੀਫਾਇਰ-1 ਮੈਚ 'ਚ ਮੁਕਾਬਲਾ ਕਰਨਗੀਆਂ।
30 ਮਈ ਨੂੰ ਹੋਵੇਗਾ ਐਲਿਮੀਨੇਟਰ ਰਾਊਂਡ:
ਕਵਾਲੀਫਾਇਰ-1 ਵਿਚ ਜੇਤੂ ਟੀਮ ਸਿੱਧੀ ਤੌਰ 'ਤੇ ਫਾਈਨਲ ਵਿਚ ਪਹੁੰਚ ਜਾਵੇਗੀ, ਜਦਕਿ ਹਾਰਨ ਵਾਲੀ ਟੀਮ ਨੂੰ ਫਾਈਨਲ ਵਿਚ ਜਾਣ ਦਾ ਇੱਕ ਹੋਰ ਮੌਕਾ ਮਿਲੇਗਾ। ਉਸਨੂੰ 30 ਮਈ ਨੂੰ ਮੁਲਾਂਪੁਰ ਕ੍ਰਿਕਟ ਸਟੇਡੀਅਮ ਵਿੱਚ ਹੋਣ ਵਾਲੇ ਐਲਿਮੀਨੇਟਰ ਮੈਚ ਵਿਚ ਖੇਡਣਾ ਪਵੇਗਾ। ਜੇਕਰ ਉਹ ਟੀਮ ਇੱਥੇ ਜਿੱਤ ਜਾਂਦੀ ਹੈ ਤਾਂ ਉਹ ਫਾਈਨਲ 'ਚ ਜਾ ਸਕਦੀ ਹੈ, ਨਹੀਂ ਤਾਂ ਉਸਨੂੰ ਤੀਸਰੇ ਨੰਬਰ 'ਤੇ ਸਬਰ ਕਰਨਾ ਪਵੇਗਾ।
ਬਰਸਾਤ ਦੇ ਅਲਰਟ ਤੋਂ ਬਾਅਦ ਮੈਚਾਂ ਦਾ ਕੀ ਹੋਵੇਗਾ?
IPL ਦੇ ਆਯੋਜਕ ਮੌਸਮ ਵਿਭਾਗ ਦੇ ਅਲਰਟ ਨੂੰ ਵੇਖਦੇ ਹੋਏ ਮੈਚ ਕਿਸੇ ਹੋਰ ਸਟੇਡੀਅਮ 'ਚ ਸ਼ਿਫਟ ਕਰ ਸਕਦੇ ਹਨ, ਹਾਲਾਂਕਿ ਫਿਲਹਾਲ ਅਜਿਹਾ ਕੋਈ ਯੋਜਨਾ ਸਾਹਮਣੇ ਨਹੀਂ ਆਈ।
ਜੇ ਮੈਚ ਤੋਂ ਪਹਿਲਾਂ ਜਾਂ ਦੌਰਾਨ ਮੀਂਹ ਪੈ ਜਾਂਦਾ ਹੈ ਤਾਂ ਮੈਚ ਰੁਕ ਸਕਦਾ ਹੈ ਜਾਂ ਘੱਟ ਓਵਰਾਂ ਦਾ ਹੋ ਸਕਦਾ ਹੈ।
ਜੇ ਮੀਂਹ ਲਗਾਤਾਰ ਪੈਂਦਾ ਰਿਹਾ ਤਾਂ ਮੈਚ ਰੱਦ ਵੀ ਹੋ ਸਕਦਾ ਹੈ।
ਜੇ ਮੈਚ ਰੱਦ ਹੋ ਜਾਂਦੇ ਹਨ ਤਾਂ ਇਹ ਮੁਕਾਬਲੇ ਦੁਬਾਰਾ ਵੀ ਖੇਡੇ ਜਾ ਸਕਦੇ ਹਨ। ਹਾਲਾਂਕਿ ਲੀਗ ਮੈਚਾਂ ਵਿੱਚ ਅਜਿਹਾ ਨਹੀਂ ਹੋਇਆ ਸੀ, ਬਲਕਿ ਦੋਵਾਂ ਟੀਮਾਂ ਨੂੰ ਅੰਕ ਵੰਡੇ ਗਏ ਸਨ।




















