ਲੁਧਿਆਣਾ: ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵੱਲੋਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ 33ਵੀਆਂ ਕੋਕਾ ਕੋਲਾ ਏਵਨ ਸਾਈਕਲ ਜਰਖੜ ਖੇਡਾਂ 13, 14 ਤੇ 15 ਦਸੰਬਰ ਨੂੰ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿੱਚ ਹੋਣਗੀਆਂ। ਇਨ੍ਹਾਂ ਖੇਡਾਂ 'ਚ ਨਾਇਬ ਸਿੰਘ ਗਰੇਵਾਲ ਆਲ ਓਪਨ ਕਬੱਡੀ ਕੱਪ ਲਈ 8 ਨਾਮੀ ਟੀਮਾਂ ਖੇਡਣਗੀਆਂ ਜਿਨ੍ਹਾਂ 'ਚ ਖਿਡਾਰੀ ਆਪਣੇ ਕਬੱਡੀ ਹੁਨਰ ਦੇ ਜੌਹਰ ਵਿਖਾਉਣਗੇ। ਮੋਹਿੰਦਰਪ੍ਰਤਾਪ ਗਰੇਵਾਲ ਹਾਕੀ ਕੱਪ ਲਈ ਮਰਦਾਂ ਤੇ ਇਸਤਰੀਆਂ ਦੇ ਵਰਗ 'ਚ 30 ਟੀਮਾਂ ਹਿੱਸਾ ਲੈਣਗੀਆਂ।
ਇਸ ਤੋਂ ਇਲਾਵਾ ਕਬੱਡੀ ਨਿਰੋਲ ਇੱਕ ਪਿੰਡ ਓਪਨ, ਵਾਲੀਬਾਲ ਸ਼ੂਟਿੰਗ ਮੀਡੀਅਮ (ਇੱਕ ਖਿਡਾਰੀ ਬਾਹਰਲਾ), ਕਾਲਜ ਪੱਧਰ ਦੀ ਕੁਸ਼ਤੀ ਲੀਗ ਮੁਕਾਬਲੇ, ਬਾਸਕਟਬਾਲ ਮੁੰਡੇ ਤੇ ਕੁੜੀਆਂ, ਹਾਕੀ ਅੰਡਰ-17 ਸਾਲ (ਲੜਕੇ), ਹਾਕੀ ਸੀਨੀਅਰ ਲੜਕੀਆਂ 7-ਏ ਸਾਈਡ ਆਦਿ ਖੇਡਾਂ ਦੇ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਹੋਣਗੇ। ਖੇਡਾਂ ਦੇ ਫਾਈਨਲ ਸਮਾਰੋਹ 'ਤੇ ਖੇਡਾਂ ਤੇ ਸਮਾਜ ਸੇਵੀ 6 ਸ਼ਖਸੀਅਤਾਂ ਦਾ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ ਹੋਏਗਾ।
ਹਾਕੀ ਓਲੰਪੀਅਨ ਅਕਾਸ਼ਦੀਪ ਸਿੰਘ ਨੂੰ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਐਵਾਰਡ, ਖੇਡ ਪ੍ਰਮੋਟਰ ਸੁਰਜਨ ਚੱਠਾ ਨੂੰ ਅਮਰਜੀਤ ਗਰੇਵਾਲ ਖੇਡ ਪ੍ਰਮੋਟਰ ਐਵਾਰਡ, ਹਾਕੀ ਸਟਾਰ ਗੁਰਜੀਤ ਕੌਰ ਨੂੰ ਮੋਹਿੰਦਰਪ੍ਰਤਾਪ ਗਰੇਵਾਲ ਐਵਾਰਡ, ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਨੂੰ ਮਨੁੱਖਤਾ ਦੀ ਸੇਵਾ ਬਦਲੇ ਭਗਤ ਪੂਰਨ ਸਿੰਘ ਐਵਾਰਡ, ਕਬੱਡੀ ਸਟਾਰ ਗੁਰਲਾਲ ਘਨੌਰ ਨੂੰ ਪੰਜਾਬ ਦਾ ਮਾਣ ਐਵਾਰਡ, ਭਾਰਤੀ ਟੀਮ ਦੇ ਮੁੱਕੇਬਾਜ਼ ਕੋਚ ਜੀਐਸ ਸੰਧੂ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਦਾ ਐਵਾਰਡ ਨਾਲ ਸਨਮਾਨਤ ਕੀਤਾ ਜਾਏਗਾ। ਇਸ ਤੋਂ ਇਲਾਵਾ ਉੱਘੇ ਲੋਕ ਗਾਇਕ ਜੌਰਡਨ ਸੰਧੂ ਨੂੰ ਜਗਦੇਵ ਸਿੰਘ ਜੱਸੋਵਾਲ ਐਵਾਰਡ ਨਾਲ ਸਨਮਾਨਿਆ ਜਾਏਗਾ।
ਖੇਡਾਂ ਦੇ ਫਾਈਨਲ ਸਮਾਰੋਹ 'ਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੂੰ ਦਿੱਤੇ ਉਪਦੇਸ਼ 'ਤੇ ਵਿਸ਼ੇਸ਼ ਡਾਕੂਮੈਂਟਰੀ ਫਿਲਮ ਦਿਖਾਈ ਜਾਏਗੀ। ਵੱਖ-ਵੱਖ ਸਕੂਲਾਂ-ਕਾਲਜਾਂ ਟੀਮਾਂ ਦਾ ਮਾਰਚ ਪਾਸਟ ਤੇ ਹੋਰ ਸੱਭਿਆਚਾਰਕ ਵੰਨਗੀਆਂ ਉਦਘਾਟਨੀ ਸਮਾਰੋਹ ਦਾ ਮੁੱਖ ਖਿੱਚ ਦਾ ਕੇਂਦਰ ਹੋਣਗੀਆਂ। ਕਬੱਡੀ ਆਲ ਓਪਨ ਦੀਆਂ ਜੇਤੂ ਟੀਮਾਂ ਨੂੰ ਦੋ ਲੱਖ ਦੀ ਇਨਾਮੀ ਰਾਸ਼ੀ ਤੇ ਸਰਵੋਤਮ ਜਾਫੀਆਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਜਦਕਿ ਹਾਕੀ ਮੁਕਾਬਲਿਆਂ ਲਈ ਦੋ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਏਗੀ। ਇਸ ਤੋਂ ਇਲਾਵਾ ਏਵਨ ਸਾਈਕਲ ਕੰਪਨੀ ਵੱਲੋਂ ਜੇਤੂ ਖਿਡਾਰੀਆਂ ਨੂੰ 100 ਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ।