ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਉਸ ਦੇ ਸੀਨੀਅਰ ਅਤੇ ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਖਿਡਾਰੀ ਯੁਵਰਾਜ ਸਿੰਘ ਨੇ ਕਰਾਰਾ ਮਜ਼ਾਕ ਕੀਤਾ ਹੈ। ਯੁਵਰਾਜ ਨੇ ਅਜਿਹਾ ਬੁਮਰਾਹ ਦੇ ਵਿਆਹ ਤੈਅ ਹੋਣ ਦੀਆਂ ਖ਼ਬਰਾਂ ਜ਼ਾਹਰ ਹੋਣ ਮਗਰੋਂ ਕੀਤਾ ਹੈ। ਇਹ ਮਾਮਲਾ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਜਸਪ੍ਰੀਤ ਬੁਮਰਾਹ ਨੇ ਭਵਿੱਖ ਵਿੱਚ ਇੰਗਲੈਂਡ ਨਾਲ ਖੇਡੇ ਜਾਣ ਵਾਲੀ ਟੈਸਟ ਲੜੀ ਦੇ ਚੌਥੇ ਤੇ ਪੰਜਵੇਂ ਮੈਚ ਤੋਂ ਅਤੇ ਇੱਕ ਦਿਨਾ ਮੈਚਾਂ ਦੀ ਲੜੀ ਤੋਂ ਛੁੱਟੀ ਮੰਗੀ ਹੈ, ਕਿਉਂਕਿ ਉਹ ਵਿਆਹ ਕਰਵਾਉਣ ਜਾ ਰਹੇ ਹਨ। ਅਜਿਹੇ ਵਿੱਚ ਜਸਪ੍ਰੀਤ ਦੀ ਲੱਤ ਖਿੱਚਦਿਆਂ 'ਕਬੀਲਦਾਰੀ' ਵਿੱਚ ਹੰਢ ਚੁੱਕੇ ਯੁਵਰਾਜ ਸਿੰਘ ਨੇ ਤੇਜ਼ ਗੇਂਦਬਾਜ਼ ਦੀ ਤਸਵੀਰ 'ਤੇ ਹਾਸੋਹੀਣਾ ਕੁਮੈਂਟ ਕੀਤਾ ਹੈ।
ਯੁਵਰਾਜ ਨੇ ਜਸਪ੍ਰੀਤ ਦੀ ਤਸਵੀਰ 'ਤੇ ਟਿੱਪਣੀ ਕੀਤੀ ਹੈ ਕਿ ਪਹਿਲਾਂ ਪੋਚਾ ਲਾਵਾਂ ਕਿ ਝਾੜੂ ਮਾਰਾਂ? ਯੁਵਰਾਜ ਦਾ ਇਹ ਕੁਮੈਂਟ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੋਵੇਂ ਜਣੇ ਪਹਿਲਾਂ ਵੀ ਸੋਸ਼ਲ ਮੀਡੀਆ 'ਤੇ ਅਜਿਹੀ ਨੋਕ-ਝੋਕ ਕਰਕ ਚਰਚਾ ਦਾ ਵਿਸ਼ਾ ਬਣੇ ਸਨ।