ਲੁਧਿਆਣਾ: ਹਾਕੀ ਅਕੈਡਮੀ ਕਿਲਾ ਰਾਏਪੁਰ ਦੇ ਕੋਚ ਦਰਸ਼ਨ ਸਿੰਘ ਆਸੀ ਕਲਾਂ ਦੀ ਯਾਦ ਵਿੱਚ (ਅੰਡਰ 17 ਸਾਲ)ਹਾਕੀ ਟੂਰਨਾਮੈਂਟ 21, 22 ਤੇ 23 ਫਰਵਰੀ ਨੂੰ ਸੀਨੀਅਰ ਸੈਕੰਡਰੀ ਸਕੂਲ ਕਿਲਾ ਰਾਏਪੁਰ ਦੇ ਹਾਕੀ ਮੈਦਾਨਾਂ ਵਿੱਚ ਕਰਵਾਇਆ ਜਾ ਰਿਹਾ ਹੈ। ਕੋਚ ਆਸੀ ਕਲਾਂ ਦੇ 100 ਤੋਂ ਵੱਧ ਹਾਕੀ ਟ੍ਰੇਨੀਆਂ ਨੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਮੱਲਾਂ ਮਾਰੀਆਂ ਹਨ। ਉਹ ਪਿਛਲੇ ਸਾਲ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਉਨ੍ਹਾਂ ਦੇ ਚੇਲੇ ਤੇ ਟ੍ਰੇਨੀਆਂ ਵੱਲੋਂ ਇਹ ਹਾਕੀ ਟੂਰਨਾਮੈਂਟ ਸੀਨੀਅਰ ਸੈਕੰਡਰੀ ਸਕੂਲ ਕਿਲਾ ਰਾਏਪੁਰ ਦੇ ਹਾਕੀ ਮੈਦਾਨਾਂ ਵਿੱਚ ਕਰਵਾਇਆ ਜਾ ਰਿਹਾ ਹੈ।


ਟੂਰਨਾਮੈਂਟ ਦੇ ਪ੍ਰਬੰਧਕ ਨਰਾਇਣ ਸਿੰਘ ਗਰੇਵਾਲ ਆਸਟਰੇਲੀਆ, ਦਿਲਪ੍ਰੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਅੰਡਰ 17 ਸਾਲ ਨਾਲ ਸਬੰਧਤ 16 ਟੀਮਾਂ ਹਿੱਸਾ ਲੈਣਗੀਆਂ। ਇਸ ਤੋਂ ਇਲਾਵਾ ਕਿਲ੍ਹਾ ਰਾਇਪਰ ਦੀਆਂ ਪਿੰਡ ਦੀਆਂ ਪੱਤੀਆਂ ਨਾਲ ਸਬੰਧਤ 6-ਏ ਸਾਈਡ ਹਾਕੀ ਟੂਰਨਾਮੈਂਟ ਵੀ ਕਰਵਾਇਆ ਜਾਵੇਗਾ।

ਅੰਡਰ 17 ਸਾਲ ਦੀ ਜੇਤੂ ਟੀਮ ਨੂੰ ਕੋਚ ਦਰਸ਼ਨ ਸਿੰਘ ਯਾਦਗਾਰੀ ਗੋਲਡ ਕੱਪ ਹਾਕੀ ਟਰਾਫ਼ੀ ਤੋਂ ਇਲਾਵਾ 31 ਹਜ਼ਾਰ ਰੁਪਏ ਦਾ ਇਨਾਮ ਉੱਪ ਜੇਤੂ ਟੀਮ ਨੂੰ 21 ਹਜ਼ਾਰ ਦਾ ਇਨਾਮ ਤੇ ਤੀਸਰੇ ਸਥਾਨ ਤੇ ਆਉਣ ਵਾਲੀ ਟੀਮ ਨੂੰ 15 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਜਦਕਿ ਸਥਾਨਕ ਪੱਤੀਆਂ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 15 ਹਜ਼ਾਰ ਰੁਪਏ ਤੇ ਉਪ ਜੇਤੂ ਟੀਮ ਨੂੰ 11 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਇਸ ਟੂਰਨਾਮੈਂਟ ਵਿੱਚ ਪੰਜਾਬ ਭਰ ਵਿੱਚੋਂ ਸਕੂਲ ਜਾਂ ਹਾਕੀ ਅਕੈਡਮੀਆਂ ਹਿੱਸਾ ਲੈਣਗੀਆਂ ਇਹ ਟੂਰਨਾਮੈਂਟ ਪੂਰੀ ਤਰ੍ਹਾਂ ਰਾਜਨੀਤੀ ਤੋਂ ਨਿਰਲੇਪ ਹੋਵੇਗਾ। ਹਾਕੀ ਨਾਲ ਸਬੰਧਤ ਖਿਡਾਰੀਆਂ ਤੋਂ ਹੀ ਇਸ ਦਾ ਉਦਘਾਟਨ ਕਰਵਾਇਆ ਜਾਵੇਗਾ ਜਦਕਿ ਫਾਈਨਲ ਸਮਾਰੋਹ ਤੇ ਓਲੰਪੀਅਨ ਗੁਰਬਾਜ਼ ਸਿੰਘ ਤੇ ਹੋਰ ਹਾਕੀ ਜਗਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੀਆਂ।

ਕਿਲਾ ਰਾਇਪੁਰ ਹਾਕੀ ਅਕੈਡਮੀ ਦੇ ਖਿਡਾਰੀ ਜੋ ਪਿਛਲੇ ਸਮੇਂ ਵਿੱਚ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ ਉਨ੍ਹਾਂ ਦੀ ਯਾਦ ਦੇ ਵਿੱਚ ਜੇਤੂ ਖਿਡਾਰੀਆਂ ਨੂੰ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਵੇਗ । ਜਿਨ੍ਹਾਂ ਵਿੱਚ ਸਾਬਕਾ ਕੌਮੀ ਹਾਕੀ ਖਿਡਾਰੀ ਸਵਰਗੀ ਹਰਪਾਲ ਸਿੰਘ ਕਿਲਾ ਰਾਏਪੁਰ, ਸਵਰਗੀ ਰਾਜਵਿੰਦਰ ਸਿੰਘ ਰਾਜੂ, ਦਪਿੰਦਰ ਸਿੰਘ ਪੀਟਰ ਸਵਰਗੀ ਮੰਗਤ ਸਿੰਘ ਮੰਗਾਂ ਸਾਇਆਂ ਕਲਾਂ ਆਦਿ ਖਿਡਾਰੀਆਂ ਦੇ ਨਾਂ ਤੇ ਐਵਾਰਡ ਰੱਖੇ ਗਏ ਹਨ। ਇਸ ਤੋਂ ਇਲਾਵਾ ਟੂਰਨਾਮੈਂਟ ਦੇ ਸਰਵੋਤਮ ਬਣਨ ਵਾਲੇ ਖਿਡਾਰੀ ਨੂੰ ਜਰਖੜ ਹਾਕੀਅਕੈਡਮੀ ਵੱਲੋਂ ਸਾਈਕਲ ਦੇ ਕੇ ਸਨਮਾਨਿਆ ਜਾਵੇਗਾ।