KKR vs CSK: ਮੁੰਬਈ (Mumbai) ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਆਈਪੀਐਲ (IPL 2021) ਦੇ 15ਵੇ ਮੁਕਾਬਲੇ 'ਚ ਚੇਨੱਈ ਸੁਪਰਕਿੰਗਸ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 18 ਦੌੜਾਂ ਨਾਲ ਹਰਾ ਦਿੱਤਾ। ਇਸ ਸੀਜ਼ਨ 'ਚ ਚੇਨੱਈ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਚੇਨੱਈ ਨੇ ਪਹਿਲਾਂ ਖੇਡਦਿਆਂ 20 ਓਵਰ 'ਚ ਤਿੰਨ ਵਿਕਟਾਂ 'ਤੇ 220 ਰਨ ਬਣਾਏ ਸਨ। ਇਸ ਦੇ ਜਵਾਬ 'ਚ ਕੋਲਕਾਤਾ ਟੀਮ 19.1 ਓਵਰ 'ਚ 202 ਦੌੜਾਂ 'ਤੇ ਆਲ ਆਊਟ ਹੋ ਗਈ।


ਕੋਲਕਾਤਾ ਨੇ ਇਕ ਸਮੇਂ ਸਿਰਫ 31 ਦੌੜਾਂ 'ਤੇ ਪੰਜ ਵਿਕੇਟ ਗਵਾ ਦਿੱਤੇ ਸਨ। ਪਰ ਇਸ ਤੋਂ ਬਾਅਦ ਆਂਦਰੇ ਰਸੇਲ (22 ਗੇਂਦ 54 ਰਨ), ਦਿਨੇਸ਼ ਕਾਰਤਿਕ (24 ਗੇਂਦ 40 ਰਨ) ਤੇ ਪੈਟ ਕਮਿੰਸ (34 ਗੇਂਦ ਨਾਬਾਦ 66 ਰਨ) ਨੇ ਮੈਚ 'ਚ ਆਪਣੀ ਟੀਮ ਦੀ ਵਾਪਸੀ ਕਰਾਈ। ਹਾਲਾਂਕਿ ਫਿਰ ਵੀ ਇਹ ਆਪਣੀ ਟੀਮ ਨੂੰ ਜਿਤਾ ਨਹੀਂ ਸਕੇ। ਚੇਨੱਈ ਦੀ ਜਿੱਤ ਦੇ ਹੀਰੋ ਫਾਫ ਡੂ ਪਲੇਸਿਸ ਤੇ ਦੀਪਕ ਚਹਰ ਰਹੇ। ਪਲੇਸਿਸ ਨੇ 60 ਗੇਂਦਾਂ 'ਚ ਨਾਬਾਦ 95 ਦੌੜਾਂ ਦੀ ਪਾਰੀ ਖੇਡੀ। ਦੀਪਕ ਚਹਰ ਨੇ ਚਾਰ ਓਵਰ 'ਚ 29 ਰਨ ਦੇਕੇ ਚਾਰ ਵਿਕੇਟ ਲਏ।


ਕੇਕੇਆਰ ਦੀ ਸ਼ੁਰੂਆਤ ਰਹੀ ਬੇਹੱਦ ਖਰਾਬ


ਇਸ ਤੋਂ ਪਹਿਲਾਂ ਚੇਨੱਈ ਤੋਂ ਮਿਲੇ 221 ਰਨਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉੱਤਰੀ ਕੋਲਕਾਤਾ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਖਾਤਾ ਖੋਲੇ ਬਿਨਾਂ ਹੀ ਆਊਟ ਹੋ ਗਏ। ਉਨ੍ਹਾਂ ਨੂੰ ਦੀਪਕ ਚਹਿਰ ਨੇ ਪਵੇਲੀਅਨ ਭੇਜਿਆ। ਇਸ ਤੋਂ ਬਾਅਦ ਤੀਜੇ ਓਵਰ 'ਚ ਨਿਤੀਸ਼ ਰਾਣਾ ਵੀ 12 ਗੇਂਦਾਂ 'ਚ 9 ਦੌੜਾਂ ਬਣਾ ਕੇ ਆਊਟ ਹੋ ਗਏ। ਰਾਣਾ ਨੂੰ ਵੀ ਚਹਰ ਨੇ ਆਊਟ ਕੀਤਾ।


ਚੌਥੇ ਨੰਬਰ 'ਤੇ ਬੈਟਿੰਗ ਕਰਨ ਆਏ ਇਯੋਨ ਮੌਰਗਨ ਵੀ ਜ਼ਿਆਦਾ ਦੇਰ ਟਿਕ ਨਹੀਂ ਸਕੇ ਤੇ ਸਿਰਫ 7 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਸੁਨੀਲ ਨਾਰੇਨ ਨੇ ਆਉਂਦਿਆਂ ਹੀ ਚੌਕਾ ਲਾਇਆ। ਪਰ ਅਗਲੀ ਹੀ ਗੇਂਦ 'ਤੇ ਉਹ ਵੀ ਆਊਟ ਹੋ ਗਏ। ਨਾਰੇਨ ਦੇ ਆਊਟ ਹੋਣ ਮਗਰੋਂ ਰਾਹੁਲ ਤ੍ਰਿਪਾਠੀ ਵੀ ਅੱਠ ਦੌੜਾਂ 'ਤੇ ਪਵੇਲੀਅਨ ਪਰਤ ਗਏ। 


31 ਦੌੜਾਂ 'ਤੇ ਪੰਜ ਵਿਕੇਟ ਡਿੱਗਣ ਮਗਰੋਂ ਆਂਦਰੇ ਰਸੇਲ ਤੇ ਦਿਨੇਸ਼ ਕਾਰਤਿਕ ਨੇ ਚੇਨੱਈ ਦੇ ਗੇਂਦਾਬਜ਼ਾ 'ਤੇ ਧਾਵਾ ਬੋਲ ਦਿੱਤਾ ਰਸੇਲ ਨੇ 22 ਗੇਂਦਾਂ 'ਚ 54 ਰਨ ਬਣਾਏ। ਇਸ ਦੌਰਾਨ ਉਨ੍ਹਾਂ ਤਿੰਨ ਚੌਕੇ ਤੇ ਚਾਰ ਛੱਕੇ ਜੜੇ। ਉੱਥੇ ਹੀ ਦਿਨੇਸ਼ ਕਾਰਤਿਕ ਨੇ 24 ਗੇਂਦਾਂ 'ਚ 40 ਦੌੜਾਂ ਦੀ ਪਾਰੀ ਖੇਡੀ। ਕਾਰਤਿਕ ਨੇ ਆਪਣੀ ਪਾਰੀ 'ਚ ਚਾਰ ਚੌਕੇ ਤੇ ਦੋ ਛੱਕੇ ਜੜੇ। ਅੰਤ 'ਚ ਪੈਟ ਕਮਿੰਸ ਨੇ 34 ਗੇਂਦਾਂ 'ਚ 66 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਚਾਰ ਚੌਕੇ ਤੇ ਛੇ ਛੱਕੇ ਜੜੇ।


ਚੇਨੱਈ ਲਈ ਦੀਪਕ ਚਹਰ ਤੇ ਲੁੰਗੀ ਨਗਿਦੀ ਨੇ ਸ਼ਾਨਦਾਰ ਗੇਂਦਾਬਜ਼ੀ ਕੀਤੀ। ਚਹਿਰ ਨੇ ਚਾਰ ਓਵਰ 'ਚ 29 ਰਨ ਦੇਕੇ ਚਾਰ ਵਿਕੇਟ ਝਟਕਾਏ। ਨਗਿਦੀ ਨੇ ਆਪਣੇ ਚਾਰ ਓਵਰ 'ਚ 28 ਰਨ ਦੇਕੇ ਤਿੰਨ ਵਿਕੇਟ ਝਟਕਾਏ।