ਕੋਲਕਾਤਾ - ਕੋਲਕਾਤਾ ਟੈਸਟ 'ਚ ਟੀਮ ਇੰਡੀਆ ਪਹਿਲੀ ਪਾਰੀ 'ਚ 316 ਰਨ 'ਤੇ ਆਲ ਆਊਟ ਹੋ ਗਈ ਹੈ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸ਼ੁਰੂ ਹੋਏ ਕੋਲਕਾਤਾ ਟੈਸਟ ਮੈਚ ਦੇ ਪਹਿਲੇ ਦਿਨ ਟੀਮ ਇੰਡੀਆ ਦੇ ਬੱਲੇਬਾਜ ਫਲਾਪ ਸਾਬਿਤ ਹੋਏ। ਚੇਤੇਸ਼ਵਰ ਪੁਜਾਰਾ ਅਤੇ ਅਜਿੰਕਿਆ ਰਹਾਣੇ ਦੀ ਦਮਦਾਰ ਬੱਲੇਬਾਜ਼ੀ ਸਦਕਾ ਟੀਮ ਇੰਡੀਆ ਨੇ 200 ਰਨ ਦਾ ਅੰਕੜਾ ਤਾਂ ਪਾਰ ਕੀਤਾ ਪਰ ਬਾਕੀ ਬੱਲੇਬਾਜ਼ਾਂ ਦਾ ਖਰਾਬ ਪ੍ਰਦਰਸ਼ਨ ਟੀਮ ਇੰਡੀਆ ਲਈ ਸਰ ਦਰਦ ਬਣ ਗਿਆ। ਭਾਰਤ ਨੇ ਪਹਿਲਾ ਦਿਨ 7 ਵਿਕਟਾਂ 'ਤੇ 239 ਰਨ ਬਣਾ ਕੇ ਖਤਮ ਕੀਤਾ। ਮੈਚ ਦੇ ਦੂਜੇ ਦਿਨ ਰਿਧੀਮਾਨ ਸਾਹਾ ਦੇ ਅਰਧ-ਸੈਂਕੜੇ ਆਸਰੇ ਟੀਮ ਇੰਡੀਆ ਨੇ 300 ਰਨ ਦਾ ਅੰਕੜਾ ਪਾਰ ਕੀਤਾ।



ਟਾਸ ਜਿੱਤ ਕੇ ਚੁਣੀ ਬੱਲੇਬਾਜ਼ੀ 

 

ਟੀਮ ਇੰਡੀਆ ਨੇ ਇਸ ਮੈਚ 'ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਪਰ ਕਪਤਾਨ ਵਿਰਾਟ ਕੋਹਲੀ ਦਾ ਇਹ ਫੈਸਲਾ ਗਲਤ ਸਾਬਿਤ ਹੋਇਆ। ਧਵਨ (1), ਮੁਰਲੀ ਵਿਜੈ (9) ਅਤੇ ਵਿਰਾਟ ਕੋਹਲੀ (9) ਜਲਦੀ ਹੀ ਆਪਣੇ ਵਿਕਟ ਗਵਾ ਕੇ ਪੈਵਲੀਅਨ ਪਰਤ ਗਏ। ਟੀਮ ਇੰਡੀਆ ਨੇ 46 ਰਨ 'ਤੇ 3 ਵਿਕਟ ਗਵਾ ਦਿੱਤੇ ਸਨ। ਫਿਰ ਚੇਤੇਸ਼ਵਰ ਪੁਜਾਰਾ ਨੇ ਅਜਿੰਕਿਆ ਰਹਾਣੇ ਨਾਲ ਮਿਲਕੇ ਭਾਰਤੀ ਪਾਰੀ ਨੂੰ ਸੰਭਾਲਿਆ। ਦੁਆਇਆ ਬੱਲੇਬਾਜ਼ਾਂ ਨੇ ਮਿਲਕੇ ਚੌਥੇ ਵਿਕਟ ਲਈ 141 ਰਨ ਦੀ ਪਾਰਟਨਰਸ਼ਿਪ ਕੀਤੀ। ਪੁਜਾਰਾ 87 ਰਨ ਬਣਾ ਕੇ ਆਊਟ ਹੋਏ। ਰਹਾਣੇ ਨੇ 77 ਰਨ ਦਾ ਯੋਗਦਾਨ ਪਾਇਆ। ਪਹਿਲੇ ਦਿਨ ਦਾ ਖੇਡ ਖਤਮ ਹੋਣ ਤੋਂ ਪਹਿਲਾਂ ਰੋਹਿਤ ਸ਼ਰਮਾ (2) ਅਤੇ ਰਵੀਚੰਦਰਨ ਅਸ਼ਵਿਨ (26) ਵੀ ਆਪਣੇ ਵਿਕਟ ਗਵਾ ਬੈਠੇ। ਦੂਜੇ ਦਿਨ ਸਾਹਾ ਨੇ 54 ਰਨ ਦੀ ਨਾਬਾਦ ਪਾਰੀ ਖੇਡ ਭਾਰਤ ਨੂੰ 300 ਰਨ ਦੇ ਪਾਰ ਪਹੁੰਚਾਇਆ। ਸਾਹਾ ਨੇ ਸ਼ਮੀ ਨਾਲ ਮਿਲਕੇ 10ਵੇਂ ਵਿਕਟ ਲਈ 35 ਰਨ ਦੀ ਪਾਰਟਨਰਸ਼ਿਪ ਕੀਤੀ। 


  

 


ਕੀਵੀ ਗੇਂਦਬਾਜ਼ ਹਿਟ 

 

ਨਿਊਜ਼ੀਲੈਂਡ ਲਈ ਖੇਡ ਦੀ ਸ਼ੁਰੂਆਤ 'ਚ ਮੈਟ ਹੈਨਰੀ ਨੇ ਦਮਦਾਰ ਗੇਂਦਬਾਜ਼ੀ ਕੀਤੀ ਅਤੇ 2 ਵਿਕਟ ਝਟਕੇ ਅਤੇ ਖੇਡ ਖਤਮ ਹੋਣ ਤੋਂ ਪਹਿਲਾਂ ਅਸ਼ਵਿਨ ਨੂੰ ਵੀ ਹੈਨਰੀ ਨੇ ਹੀ ਆਊਟ ਕੀਤਾ। ਹੈਨਰੀ ਨੇ 3 ਵਿਕਟ ਝਟਕੇ। ਪਟੇਲ, ਵੈਗਨਰ ਅਤੇ ਬੋਲਟ ਨੇ 2-2 ਵਿਕਟ ਝਟਕੇ।