ਨਵੀਂ ਦਿੱਲੀ - ਰਿਓ ਓਲੰਪਿਕਸ 'ਚ ਗੋਲਡ ਮੈਡਲ ਆਪਣੇ ਨਾਮ ਕਰਨ ਵਾਲੀ ਸਪੇਨ ਦੀ ਕੈਰੋਲੀਨਾ ਮਰੀਨ ਨੇ ਪ੍ਰੀਮਿਅਰ ਬੈਡਮਿੰਟਨ ਲੀਗ 'ਚ ਰਿਕਾਰਡ ਤੋੜ ਕੀਮਤ ਹਾਸਿਲ ਕੀਤੀ। ਮੌਜੂਦਾ ਵਿਸ਼ਵ ਚੈਂਪੀਅਨ ਬੈਡਮਿੰਟਨ ਸਟਾਰ ਕੈਰੋਲੀਨਾ ਮਰੀਨ ਨੂੰ ਬੁਧਵਾਰ ਦੀ ਔਕਸ਼ਨ 'ਚ ਸਭ ਤੋਂ ਮਹਿੰਗੇ ਦਾਮ 'ਚ ਖਰੀਦਿਆ ਗਿਆ। PBL ਦੇ ਦੂਜੇ ਸੀਜ਼ਨ ਲਈ ਹੈਦਰਾਬਾਦ ਹੰਟਰਸ ਦੀ ਟੀਮ ਨੇ ਮਰੀਨ ਨੂੰ 61.5 ਲੱਖ ਰੁਪਏ 'ਚ ਆਪਣੀ ਟੀਮ ਦਾ ਹਿੱਸਾ ਬਣਾਇਆ। ਮਰੀਨ ਨੇ ਮੋਟੀ ਰਕਮ ਵਸੂਲੀ ਪਰ ਪੀ.ਵੀ. ਸਿੰਧੂ ਪ੍ਰੀਮਿਅਰ ਬੈਡਮਿੰਟਨ ਲੀਗ 'ਚ ਵੱਡਾ ਝਟਕਾ ਲੱਗਾ ਹੈ। ਸਿੰਧੂ ਤੋਂ ਉਮੀਦਾਂ ਵੱਡੀਆਂ ਸਨ ਪਰ ਰਿਓ ਦੀ ਸਿਲਵਰ ਗਰਲ ਵੱਡੀ ਕਮਾਈ ਕਰਨ 'ਚ ਨਾਕਾਮ ਰਹੀ। ਇਹ ਲੀਗ 1 ਜਨਵਰੀ ਤੋਂ 14 ਜਨਵਰੀ ਵਿਚਾਲੇ ਖੇਡੀ ਜਾਣੀ ਹੈ। 

  

 

ਦਖਣੀ ਕੋਰੀਆ ਦੀ ਮਹਿਲਾ ਖਿਡਾਰਨ ਸੁੰਗ ਜੀ ਹਿਊਨ ਦੂਜੀ ਸਭ ਤੋਂ ਮਹਿੰਗੀ ਖਿਡਾਰਨ ਬਣ ਕੇ ਉਭਰੀ। ਉਨ੍ਹਾਂ ਨੂੰ ਮੁੰਬਈ ਰੌਕਿਟਸ ਦੀ ਟੀਮ ਨੇ 60 ਲੱਖ ਰੁਪਏ 'ਚ ਖਰੀਦਿਆ। 


 

ਡੈਨਮਾਰਕ ਦੇ ਧੁਰੰਦਰ ਪੁਰੁਸ਼ ਖਿਡਾਰੀ ਜੈਨ ਓ ਜੌਰਗੈਨਸਨ 'ਤੇ ਤੀਜੀ ਸਭ ਤੋਂ ਵੱਡੀ ਬੋਲੀ ਲੱਗੀ। ਜੌਰਗੈਨਸਨ ਨੂੰ ਦਿੱਲੀ ਏਸਰਸ ਦੀ ਟੀਮ ਨੇ 59 ਲੱਖ ਰੁਪਏ 'ਚ ਆਪਣੀ ਟੀਮ ਦਾ ਹਿੱਸਾ ਬਣਾਇਆ। 


 

ਰਿਓ ਓਲੰਪਿਕ 'ਚ ਆਪਣੇ ਦਮਦਾਰ ਖੇਡ ਨਾਲ ਪ੍ਰਭਾਵਿਤ ਕਰਨ ਵਾਲੇ ਕੀਦੰਬੀ ਸ਼੍ਰੀਕਾਂਤ ਵੀ ਇਸ ਆਕਸ਼ਨ 'ਚ ਮਹਿੰਗੇ ਖਿਡਾਰੀਆਂ 'ਚ ਸ਼ਾਮਿਲ ਹੋਏ। ਅਵਧ ਵਾਰੀਅਰਸ ਦੀ ਟੀਮ ਨੇ 51 ਲੱਖ ਰੁਪਏ 'ਚ ਸ਼੍ਰੀਕਾਂਤ ਨੂੰ ਆਪਣੀ ਟੀਮ 'ਚ ਸ਼ਾਮਿਲ ਕੀਤਾ। 


 

ਰਿਓ ਓਲੰਪਿਕਸ 'ਚ ਚਾਂਦੀ ਦਾ ਮੈਡਲ ਜਿੱਤ ਦੇਸ਼ ਦਾ ਮਾਣ ਵਧਾਉਣ ਵਾਲੀ ਪੀ.ਵੀ. ਸਿੰਧੂ ਵੱਡੀ ਨਿਲਾਮੀ ਹਾਸਿਲ ਨਹੀਂ ਕਰ ਸਕੀ। ਚੇਨਈ ਸਮੈਸ਼ਰਸ ਦੀ ਟੀਮ ਨੇ ਸਿੰਧੂ ਨੂੰ 39 ਲੱਖ ਰੁਪਏ 'ਚ ਖਰੀਦਿਆ। ਸਿੰਧੂ ਦੇ ਆਕਸ਼ਨ 'ਚ ਸਭ ਤੋਂ ਮਹਿੰਗੀ ਖਿਡਾਰਨ ਬਣ ਕੇ ਉਭਰਨ ਦੀ ਉਮੀਦ ਸੀ ਪਰ ਅਜਿਹਾ ਹੋਇਆ ਨਹੀਂ। 


 

ਸਾਇਨਾ ਨਹਿਵਾਲ ਨਾਲ ਵੀ ਕੁਝ ਅਜਿਹਾ ਹੀ ਹੋਇਆ। ਸਾਬਕਾ ਵਿਸ਼ਵ ਨੰਬਰ 1 ਖਿਡਾਰਨ ਸਾਇਨਾ 'ਤੇ ਵੱਡੀ ਬੋਲੀ ਨਹੀਂ ਲੱਗੀ। ਸਾਇਨਾ ਨੂੰ 33 ਲੱਖ ਰੁਪਏ 'ਚ ਅਵਧ ਵਾਰੀਅਰਸ ਦੀ ਟੀਮ ਨੇ ਖਰੀਦਿਆ। 


 

ਡੈਨਮਾਰਕ ਦੇ ਵਿਕਟਰ ਐਕਸੇਲਸੇਨ 39 ਲੱਖ ਰੁਪਏ 'ਚ ਬੈਂਗਲੁਰੂ ਬੁਲਸ ਦੀ ਟੀਮ ਦਾ ਹਿੱਸਾ ਬਣੇ। ਇਸ ਨਿਲਾਮੀ 'ਚ ਕੁਲ 154 ਖਿਡਾਰੀਆਂ 'ਤੇ ਬੋਲੀ ਲੱਗੀ। ਜਿਸ 'ਚ 16 ਓਲੰਪਿਕ ਮੈਡਲਿਸਟ ਖਿਡਾਰੀ ਸ਼ਾਮਿਲ ਸਨ। ਕੁਲ 50 ਖਿਡਾਰੀਆਂ ਨੂੰ ਫ੍ਰੈਂਚਾਈਜੀਸ ਨੇ ਖਰੀਦਿਆ। ਹਰ ਫ੍ਰੈਂਚਾਈਜੀ ਕੋਲ ਖਿਡਾਰੀਆਂ ਨੂੰ ਖਰੀਦਣ ਲਈ 1.93 ਕਰੋੜ ਰੁਪਏ ਦੀ ਕੁਲ ਰਾਸ਼ੀ ਸੀ।