ਚੰਡੀਗੜ੍ਹ: ਭਾਰਤੀ ਮਹਿਲਾ ਮੁੱਕੇਬਾਜ਼ ਮੈਰੀਕੌਮ ਦਾ ਅੱਜ ਜਨਮ ਦਿਨ ਹੈ। ਉਹ 38 ਸਾਲਾਂ ਦੀ ਹੋ ਗਈ ਹੈ। ਮੈਰੀਕੌਮ ਛੇ ਵਾਰ ਵਰਲਡ ਏਮੈਚਓਰ ਬੌਕਸਿੰਗ ਚੈਂਪੀਅਨ ਬਣਨ ਵਾਲੀ ਇਕਲੌਤੀ ਭਾਰਤੀ ਖਿਡਾਰੀ ਹੈ। ਇਸ ਤੋਂ ਇਲਾਵਾ ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਵੀ ਅੱਠ ਖਿਤਾਬ ਆਪਣੇ ਨਾਂ ਕਰ ਚੁੱਕੀ ਹੈ। ਪੰਜ ਵਾਰ ਵਿਸ਼ਵ ਚੈਂਪੀਅਨ ਰਹੀ ਮੈਰੀਕੌਮ ਇੱਕ ਵਾਰ ਫਿਰ ਓਲੰਪਿਕ ਦੀ ਤਿਆਰ ਵਿੱਚ ਜੁਟੀ ਹੈ।

ਦੱਸ ਦੇਈਏ ਕਿ ਮੈਰੀਕੌਮ ਤੇ ਇੱਕ ਫਿਲਮ ਵੀ ਬਣ ਚੁੱਕੀ ਹੈ ਜਿਸ ਵਿੱਚ ਬਾਲੀਵੁੱਡ ਦੀ ਦਿੱਗਜ ਅਭਿਨੇਤਰੀ ਪ੍ਰਿੰਯਕਾ ਚੋਪੜਾ ਨੇ ਪਰਦੇ ਤੇ ਮੈਰੀ ਕੌਮ ਦੀ ਜ਼ਿੰਦਗੀ, ਉਸ ਦੇ ਸੰਘਰਸ਼ ਤੇ ਸਫ਼ਲਤਾ ਨੂੰ ਬਾਖੂਬੀ ਦਿਖਾਇਆ। ਮੈਰੀ ਕੌਮ ਇੱਕ ਦਹਾਕੇ ਤੋਂ ਭਾਰਤੀ ਬੌਕਸਿੰਗ ਦਾ ਚਿਹਰਾ ਹੈ। ਉਹ ਇਸ ਸਮੇਂ ਦੇ ਮਹਾਨ ਮੁੱਕੇਬਾਜ਼ਾਂ ਵਿੱਚ ਗਿਣੀ ਜਾਂਦੀ ਹੈ।

ਹਾਲਾਂਕਿ, ਉਹ ਹੈਰਾਨ ਹੈ ਕਿ ਉਹ ਖੇਡਾਂ ਦੀ ਦੁਨੀਆ ਵਿੱਚ ਕਿਵੇਂ ਆਈ। ਮੈਰੀਕੌਮ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਹਮੇਸ਼ਾ ਖੇਡਾਂ ਵਿੱਚ ਰੁਚੀ ਰੱਖਦੀ ਸੀ, ਪਰ ਉਹ ਖੇਡਾਂ ਦੀ ਮਹੱਤਤਾ ਤੇ ਇਸ ਦੇ ਲਾਭਾਂ ਨੂੰ ਨਹੀਂ ਜਾਣਦੀ ਸੀ। ਉਸ ਨੇ ਦੱਸਿਆ ਸੀ ਕਿ ਉਸ ਨੂੰ ਆਪਣੇ ਪਿੰਡ ਵਿੱਚ ਮੁੰਡਿਆਂ ਨਾਲ ਖੇਡਣਾ ਪਸੰਦ ਸੀ ਕਿਉਂਕਿ ਲੜਕੀਆਂ ਕਦੇ ਨਹੀਂ ਖੇਡਦੀਆਂ ਸਨ। ਉਸ ਦੇ ਬਚਪਨ ਦੀ ਸਥਿਤੀ ਮੌਜੂਦਾ ਸਥਿਤੀ ਨਾਲੋਂ ਬਹੁਤ ਵੱਖਰੀ ਸੀ। ਉਸ ਸਮੇਂ ਸਿਰਫ ਲੜਕੇ ਖੇਡਦੇ ਸਨ।