Commonwealth games 2022: ਰਾਸ਼ਟਰਮੰਡਲ ਖੇਡਾਂ ਦੇ ਟਰਾਇਲਾਂ ਦੌਰਾਨ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। ਤਜਰਬੇਕਾਰ ਮੁੱਕੇਬਾਜ਼ ਐਮਸੀ ਮੈਰੀਕਾਮ ਨੇ ਸੱਟ ਕਾਰਨ ਸ਼ੁੱਕਰਵਾਰ ਨੂੰ 48 ਕਿਲੋਗ੍ਰਾਮ ਦੇ ਟਰਾਇਲ ਤੋਂ ਨਾਂ ਵਾਪਸ ਲੈ ਲਿਆ। ਉਹਨਾਂ ਦੀ ਲੱਤ 'ਤੇ ਸੱਟ ਲੱਗੀ ਹੈ। ਇਸ ਕਾਰਨ ਉਹਨਾਂ ਨੇ ਮਜਬੂਰਨ ਪਿੱਛੇ ਹਟਣ ਦਾ ਫੈਸਲਾ ਲਿਆ ਹੈ। ਛੇ ਵਾਰ ਦੀ ਵਿਸ਼ਵ ਚੈਂਪੀਅਨ ਪਹਿਲੇ ਦੌਰ ਵਿੱਚ ਜ਼ਖ਼ਮੀ ਹੋ ਗਈ ਸੀ। ਉਹਨਾਂ ਦੀ ਵਾਪਸੀ ਦੇ ਨਾਲ, ਹਰਿਆਣਾ ਦੀ ਨੀਤੂ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਟਰਾਇਲਾਂ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਪਿਛਲੀਆਂ ਰਾਸ਼ਟਰਮੰਡਲ ਖੇਡਾਂ (2018) ਦੀ ਸੋਨ ਤਮਗਾ ਜੇਤੂ ਮੈਰੀਕਾਮ ਬਾਊਟ ਦੇ ਪਹਿਲੇ ਹੀ ਦੌਰ ਵਿੱਚ ਰਿੰਗ ਵਿੱਚ ਡਿੱਗ ਗਈ ਸੀ। 39 ਸਾਲਾ ਨੇ ਉੱਠ ਕੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਦੋ ਮੁੱਕੇ ਲੱਗਣ ਕਾਰਨ ਉਹ ਆਪਣਾ ਸੰਤੁਲਨ ਗੁਆ ਬੈਠੀ ਅਤੇ ਆਪਣੀ ਖੱਬੀ ਲੱਤ ਫੜ ਕੇ ਬੈਠ ਗਈ ਸੀ। ਫਿਰ ਉਹਨਾਂ ਨੂੰ ਰਿੰਗ ਛੱਡਣੀ ਪਈ ਅਤੇ ਰੈਫਰੀ ਨੇ ਨੀਤੂ ਨੂੰ ਜੇਤੂ ਐਲਾਨ ਦਿੱਤਾ। ਸਭ ਤੋਂ ਸਫਲ ਭਾਰਤੀ ਮੁੱਕੇਬਾਜ਼ ਨੇ ਅਗਲੇ ਮਹੀਨੇ ਬਰਮਿੰਘਮ 'ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ 'ਤੇ ਧਿਆਨ ਕੇਂਦਰਿਤ ਕਰਨ ਲਈ ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਆਈ ਖੇਡਾਂ ਤੋਂ ਨਾਮ ਵਾਪਸ ਲੈ ਲਿਆ ਹੈ।
ਜ਼ਿਕਰਯੋਗ ਹੈ ਕਿ ਮੈਰੀਕਾਮ ਨੇ ਵਿਸ਼ਵ ਚੈਂਪੀਅਨਸ਼ਿਪ 2002, 2005, 2006, 2008, 2010 ਅਤੇ 2018 'ਚ ਸੋਨ ਤਗਮਾ ਜਿੱਤਿਆ ਸੀ। ਜਦੋਂ ਕਿ 2001 ਵਿਚ ਉਹਨਾਂ ਨੂੰ ਚਾਂਦੀ ਦੇ ਤਗਮੇ ਨਾਲ ਸੰਤੋਸ਼ ਕਰਨਾ ਪਿਆ ਸੀ। ਉਹਨਾਂ ਨੇ ਏਸ਼ਿਆਈ ਖੇਡਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮੈਰੀਕਾਮ ਨੇ 2014 ਵਿੱਚ ਸੋਨ ਅਤੇ 2010 ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸ ਦੇ ਨਾਲ ਹੀ ਮੈਰੀਕਾਮ ਨੇ ਓਲੰਪਿਕ ਖੇਡਾਂ 2012 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਉਹ ਕਈ ਘਰੇਲੂ ਮੈਚਾਂ ਵਿੱਚ ਵੀ ਚੰਗਾ ਪ੍ਰਦਰਸ਼ਨ ਕਰ ਚੁੱਕੀ ਹੈ।