MI vs SRH: ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਮੁੰਬਈ ਇੰਡੀਅਨਸ ਨੇ ਇਕ ਵਾਰ ਫਿਰ ਹਾਈ ਹੋਈ ਬਾਜ਼ੀ ਜਿੱਤ ਲਈ। ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਇਸ ਮੈਚ ਵਿਚ ਮੁੰਬਈ ਨੇ ਪਹਿਲਾਂ ਖੇਡਦਿਆਂ 20 ਓਵਰਾਂ 'ਚ ਪੰਜ ਵਿਕਟਾਂ 'ਤੇ 150 ਰਨ ਬਣਾਏ ਸਨ। ਇਸ ਦੇ ਜਵਾਬ 'ਚ ਧਮਾਕੇਦਾਰ ਸ਼ੁਰੂਆਤ ਦੇ ਬਾਵਜੂਦ ਸਨਰਾਇਜਰਸ ਹੈਦਰਾਬਾਦ 19.4 ਓਵਰਾਂ 'ਚ 137 ਦੌੜਾਂ ਹੀ ਬਣਾ ਸਕੀ।


ਮੁੰਬਈ ਦੀ ਇਸ ਜਿੱਤ ਦੇ ਹੀਰੋ ਰਹੇ ਲੈਗ ਸਪਿਨਰ ਰਾਹੁਲ ਚਹਰ ਤੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ। ਰਾਹੁਲ ਨੇ ਆਪਣੇ ਚਾਰ ਓਵਰ 'ਚ ਸਿਰਫ 19 ਦੌੜਾਂ ਦੇਕੇ ਤਿੰਨ ਵਿਕੇਟ ਲਏ। ਉਨ੍ਹਾਂ ਮਨੀਸ਼ ਪਾਂਡੇ, ਵਿਰਾਟ ਸਿੰਘ ਤੇ ਅਭਿਸ਼ੇਕ ਸ਼ਰਮਾ ਨੂੰ ਆਪਣਾ ਸ਼ਿਕਾਰ ਬਣਾਇਆ। ਉੱਥੇ ਹੀ ਟ੍ਰੇਂਟ ਬੋਲਟ ਨੇ 3.4 ਓਵਰ 'ਚ 28 ਰਨ ਦੇਕੇ ਤਿੰਨ ਵਿਕੇਟ ਝਟਕਾਏ।


ਕੰਮ ਨਹੀਂ ਆਈ ਵਾਰਨਰ ਤੇ ਬੇਅਰਸਟੋ ਦੀ ਪਾਰੀ


ਮੁੰਬਈ ਤੋਂ ਮਿਲੇ 151 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਹੈਦਰਾਬਾਦ ਨੂੰ ਡੇਵਿਡ ਵਾਰਨਰ ਤੇ ਜੌਨੀ ਬੇਅਰਸਟੋ ਨੇ ਧਮਾਕੇਦਾਰ ਸ਼ੁਰੂਆਤ ਦਿਵਾਈ ਸੀ। ਇਨ੍ਹਾਂ ਦੋਵਾਂ ਨੇ ਪਹਿਲੇ ਵਿਕੇਟ ਲਈ 7.2 ਓਵਰ 'ਚ 67 ਰਨ ਜੋੜੇ ਸਨ। ਬੇਅਰਸਟੋ 22 ਗੇਂਦਾਂ 'ਤੇ 43 ਰਨ ਬਣਾ ਕੇ ਆਊਟ ਹੋਏ। ਉਨ੍ਹਾਂ ਤਿੰਨ ਚੌਕੇ ਤੇ ਚਾਰ ਛੱਕੇ ਲਾਏ।


ਇਸ ਤੋਂ ਬਾਅਦ ਮੁੰਬਈ ਦੇ ਗੇਂਦਬਾਜ਼ ਹੈਦਰਾਬਾਦ ਦੇ ਬੱਲੇਬਾਜ਼ਾਂ 'ਤੇ ਹਾਵੀ ਹੋ ਗਏ। ਮਨੀਸ਼ ਪਾਂਡੇ ਸੱਤ ਗੇਂਦਾਂ 'ਚ ਦੋ ਰਨ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੂੰ ਰਾਹੁਲ ਚਹਰ ਨੇ ਕੈਚ ਆਊਟ ਕਰਾਇਆ। ਇਸ ਤੋਂ ਬਾਅਦ ਵਾਰਨਰ 34 ਗੇਂਦਾਂ 'ਤੇ 36 ਦੌੜਾਂ ਬਣਾ ਕੇ ਆਊਟ ਹੋ ਗਏ।


ਇੱਥੋਂ ਹੈਦਰਾਬਾਦ ਦੀ ਪਾਰੀ ਲੜਖੜਾ ਗਈ। ਅਭਿਸ਼ੇਕ ਸ਼ਰਮਾ 02 ਤੇ ਅਬਦੁਲ ਸਮਦ ਸੱਤ ਦੌੜਾਂ ਬਣਾ ਕੇ ਆਊਟ ਹੋ ਗਏ। ਹਾਲਾਂਕਿ ਵਿਜੇ ਸ਼ੰਕਰ ਨੇ ਦੋ ਛੱਕਿਆਂ ਦੀ ਬਦੌਲਤ 25 ਗੇਂਦਾਂ 'ਚ 28 ਦੌੜਾਂ ਬਣਾਈਆਂ। ਪਰ ਉਹ ਆਪਣੀ ਟੀਮ ਨੂੰ ਜਿਤਾ ਨਹੀਂ ਸਕੇ।


ਮੁੰਬਈ ਲਈ ਪੋਲਾਰਡ ਨੇ ਖੇਡੀ ਸ਼ਾਨਦਾਰ ਪਾਰੀ


ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਰੋਹਿਤ ਤੇ ਕਿਵੰਟਨ ਡਿਕੌਕ ਪਾਰੀ ਦਾ ਆਗਾਜ਼ ਕਰਨ ਆਏ। ਦੋਵਾਂ ਨੇ ਪਹਿਲੇ ਵਿਕੇਟ ਲਈ 6.3 ਓਵਰ 'ਚ 55 ਦੌੜਾਂ ਦੀ ਸਾਂਝੇਦਾਰੀ ਕੀਤੀ। ਰੋਹਿਤ 25 ਗੇਂਦਾਂ 'ਚ 32 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੌਰਾਨ ਉਨ੍ਹਾਂ ਦੋ ਚੌਕੇ ਤੇ ਦੋ ਛੱਕੇ ਜੜੇ।


ਇਸ ਤੋਂ ਬਾਅਦ ਸੂਰਯਕੁਮਾਰ ਯਾਦਵ ਛੇ ਗੇਂਦਾਂ 'ਚ 10 ਰਨ ਬਣਾ ਕੇ ਆਊਟ ਹੋ ਗਏ। ਉਨ੍ਹਾਂ ਵਿਜੇ ਸ਼ੰਕਰ ਨੇ ਆਪਣਾ ਸ਼ਿਕਾਰ ਬਣਾਇਆ। 8.3 ਓਵਰ 'ਚ 71 ਦੌੜਾਂ 'ਤੇ ਦੂਜਾ ਵਿਕੇਟ ਡਿੱਗਣ ਮਗਰੋਂ ਮੁੰਬਈ ਦੀ ਪਾਰੀ ਰੁਕ ਗਈ। ਡਿਕੌਕ 39 ਗੇਂਦਾਂ 'ਚ 40 ਦੌੜਾਂ ਬਣਾ ਕੇ ਪਲੇਵੀਅਨ ਪਰਤ ਗਏ। ਉਨ੍ਹਾਂ ਪੰਜ ਚੌਕੇ ਲਾਏ।


ਚਾਰ ਨੰਬਰ 'ਤੇ ਬੈਟਿੰਗ ਕਰਨ ਆਏ ਇਸ਼ਾਨ ਕਿਸ਼ਨ 21 ਗੇਂਦਾਂ 'ਚ ਬਿਨਾਂ ਕੋਈ ਬਾਊਂਡਰੀ ਲਾਏ ਸਿਰਫ 12 ਰਨ ਹੀ ਬਣਾ ਸਕੇ। ਉੱਥੇ ਹੀ ਹਾਰਦਿਕ ਪਾਂਡਿਆ ਵੀ ਪੰਜ ਗੇਂਦਾਂ 'ਚ ਸਿਰਫ ਸੱਤ ਰਨ ਬਣਾ ਕੇ ਆਊਟ ਹੋ ਗਏ। ਅੰਤ 'ਚ ਕੀਰਨ ਪੋਲਾਰਡ ਨੇ ਕੁਝ ਵੱਡੇ ਸ਼ੌਰਟਸ ਲਾਏ ਤੇ ਟੀਮ ਦਾ ਸਕੋਰ 150 ਤਕ ਪਹੁੰਚਾਇਆ। ਪੋਲਾਰਡ ਨੇ 22 ਗੇਂਦਾਂ 'ਚ ਨਾਬਾਦ 35 ਰਨ ਬਣਾਏ। ਉਨ੍ਹਾਂ ਇਸ ਦੌਰਾਨ ਇਕ ਚੌਕਾ ਤੇ ਤਿੰਨ ਛੱਕੇ ਲਾਏ। ਉੱਥੇ ਹੀ ਕ੍ਰੂਣਾਲ ਪਾਂਡਿਆ ਤਿੰਨ ਗੇਂਦਾ 'ਚ ਤਿੰਨ ਰਨ ਬਣਾ ਕੇ ਨਾਬਾਦ ਰਹੇ।


ਹੈਦਰਾਬਾਦ ਲਈ ਵਿਜੇ ਸ਼ੰਕਰ ਤੇ ਮੁਜੀਬ ਉਰ ਰਹਿਮਾਨ ਨੇ ਕਮਾਲ ਦੀ ਗੇਂਦਬਾਜ਼ੀ ਕੀਤੀ। ਇਨ੍ਹਾਂ ਦੋਵਾਂ ਨੇ ਦੋ-ਦੋ ਵਿਕੇਟ ਝਟਕਾਏ। ਇਸ ਤੋਂ ਇਲਾਵਾ ਖਲੀਲ ਅਹਿਮਦ ਨੂੰ ਇਕ ਸਫਲਤਾ ਮਿਲੀ।


ਉੱਥੇ ਹੀ ਮੁੰਬਈ ਲਈ ਲੈਗ ਸਪਿਨਰ ਰਾਹੁਲ ਚਹਿਰ ਤੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਕਮਾਲ ਦੀ ਗੇਂਦਬਾਜ਼ੀ ਕੀਤੀ। ਰਾਹੁਲ ਚਹਰ ਨੇ ਆਪਣੇ ਚਾਰ ਓਵਰ 'ਚ ਸਿਰਫ 19 ਦੌੜਾਂ ਦੇਕੇ ਤਿੰਨ ਵਿਕੇਟ ਝਟਕਾਏ। ਉਨ੍ਹਾਂ ਮਨੀਸ਼ ਪਾਂਡੇ, ਵਿਰਾਟ ਸਿੰਘ ਤੇ ਅਭਿਸ਼ੇਕ ਸ਼ਰਮਾ ਨੂੰ ਆਪਣਾ ਸ਼ਿਕਾਰ ਬਣਾਇਆ। ਟ੍ਰੇਂਟ ਬੋਲਟ ਨੇ 3.4 ਓਵਰ 'ਚ 28 ਰਨ ਦੇਕੇ ਤਿੰਨ ਵਿਕੇਟ ਝਟਕਾਏ। ਇਸ ਤੋਂ ਇਲਾਵਾ ਕ੍ਰੂਣਾਲ ਪਾਂਡਿਆਂ ਤੇ ਜਸਪ੍ਰੀਤ ਬੁਮਰਾਹ ਨੂੰ ਇਕ-ਇਕ ਸਫਲਤਾ ਮਿਲੀ।