ਟੀਮ ਇੰਡੀਆ ਅਗਲੇ ਮਹੀਨੇ ਇੰਗਲੈਂਡ ’ਚ ਨਿਊ ਜ਼ੀਲੈਂਡ ਵਿਰੁੱਧ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਮੁਕਾਬਲਾ ਖੇਡੇਗੀ। ਇਸ ਬਹੁਤ ਅਹਿਮ ਮੁਕਾਬਲੇ ਲਈ 6 ਮਹੀਨਿਆਂ ਬਾਅਦ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਟੀਮ ’ਚ ਵਾਪਸੀ ਹੋਈ ਹੈ। ਮੁਹੰਮਦ ਸ਼ੰਮੀ ਦੇ ਆਸਟ੍ਰੇਲੀਆਈ ਦੌਰੇ ਦੌਰਾਨ ਸੱਟ ਲੱਗ ਗਈ ਸੀ। ਸ਼ੰਮੀ ਦਾ ਮੰਨਣਾ ਹੈ ਕਿ ਜੇ ਟੀਮ ਇੰਡੀਆ ਪਿਛਲੇ 6 ਮਹੀਨਿਆਂ ਦੀ ਆਪਣੀ ਫ਼ਾਰਮ ਕਾਇਮ ਰੱਖਣ ’ਚ ਸਫ਼ਲ ਹੁੰਦੀ ਹੈ, ਤਾਂ ਉਹ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੇ ਨਾਂ ਕਰ ਲਵੇਗੀ।
ਮੁਹੰਮਦ ਸ਼ੰਮੀ ਦੇ ਗੁੱਟ ’ਚ ਲੱਗੀ ਸੱਟ ਹੁਣ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਹੈ। ਮੁਹੰਮਦ ਸ਼ੰਮੀ ਨੇ ਆਈਪੀਐਲ ’ਚ ਸ਼ਾਨਦਾਰ ਵਾਪਸੀ ਕੀਤੀ ਤੇ ਉਹ ਕਾਫ਼ੀ ਤੇਜ਼ ਰਫ਼ਤਾਰ ਨਾਲ ਗੇਂਦਬਾਜ਼ੀ ਕਰ ਰਹੇ ਸਨ। ਸ਼ੰਮੀ ਨੇ ਕਿਹਾ ਕਿ ਬਹੁਤ ਜ਼ਿਆਦਾ ਪਲੈਨ ਬਣਾਉਣ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਕੁਝ ਚੀਜ਼ਾਂ ਸਾਡੇ ਕਾਬੂ ਹੇਠ ਨਹੀਂ ਹਨ। ਕਿਸ ਨੇ ਸੋਚਿਆ ਸੀ ਕਿ ਇਹ ਮਹਾਮਾਰੀ ਸਾਡੀ ਜ਼ਿੰਦਗੀ ਦੇ ਦੋ ਸਾਲ ਬਰਬਾਦ ਕਰ ਦੇਵੇਗੀ। ਇਸ ਲਈ ਮੈਂ ਇੱਕ ਸਮੇਂ ਇੱਕੋ ਲੜੀ ਜਾਂ ਇੱਕ ਟੂਰਨਾਮੈਂਟ ਉੱਤੇ ਧਿਆਨ ਦੇ ਰਿਹਾ ਹਾਂ।
ਭਾਰਤੀ ਟੀਮ ਦੋ ਜੂਨ ਨੂੰ ਸਾਢੇ ਤਿੰਨ ਮਹੀਨਿਆਂ ਦੇ ਬ੍ਰਿਟਿਸ਼ ਦੌਰੇ ਲਈ ਰਵਾਨਾ ਹੋਵੇਗੀ; ਜਿੱਥੇ ਉਹ ਕੁੱਲ ਛੇ ਟੈਸਟ ਮੈਚ ਖੇਡੇਗੀ। ਇਨ੍ਹਾਂ ਵਿੱਚ ਨਿਊ ਜ਼ੀਲੈਂਡ ਵਿਰੁੱਧ 18 ਜੂਨ ਤੋਂ ਸ਼ੁਰੂ ਹੋਣ ਵਾਲਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਮੈਚ ਵੀ ਸ਼ਾਮਲ ਹੈ। ਇਸ ਤੋਂ ਬਾਅਦ ਭਾਰਤ ਚਾਰ ਅਗਸਤ ਤੋਂ ਇੰਗਲੈਂਡ ਵਿਰੁੱਧ ਪੰਜ ਟੈਸਟ ਮੈਚਾਂ ਦੀ ਲੜੀ ਖੇਡੇਗਾ।
ਸ਼ੰਮੀ ਦਾ ਮੰਨਣਾ ਹੈ ਕਿ ਇੰਗਲੈਂਡ ਦੌਰੇ ਉੱਤੇ ਜਾਣ ਤੋਂ ਪਹਿਲਾਂ ਟੀਮ ਇੰਡੀਆ ਦਾ ਮਨੋਬਲ ਕਾਫ਼ੀ ਵਧਿਆ ਹੋਇਆ ਹੈ। ਸ਼ੰਮੀ ਦਾ ਟੈਸਟ ਕਰੀਅਰ ਕਾਫ਼ੀ ਕਾਮਯਾਬ ਰਿਹਾ ਹੈ ਤੇ ਉਨ੍ਹਾਂ ਨੇ 50 ਮੈਚਾਂ ਵਿੱਚ 180 ਵਿਕੇਟਾਂ ਲਈਆਂ ਹਨ। ਸ਼ੰਮੀ ਨੇ ਕਿਹਾ ਜੇ ਅਸੀਂ ਪਿਛਲੇ ਛੇ ਮਹੀਨਿਆਂ ਦੀ ਫ਼ਾਰਮ ਦੁਹਰਾਉਣ ’ਚ ਸਫ਼ਲ ਰਹਿੰਦੇ ਹਾਂ, ਤਾਂ ਮੈਨੂੰ ਪੂਰਾ ਯਕੀਨ ਹੈ ਕਿ ਇਹ ਦੌਰਾ ਸਾਡੇ ਲਈ ਸ਼ਾਨਦਾਰ ਹੋਵੇਗਾ।
ਆਸਟ੍ਰੇਲੀਆਈ ਦੌਰੇ ਦੌਰਾਨ ਲੱਗੀ ਸੱਟ ਤੋਂ ਠੀਕ ਹੋਣ ਵਿੱਚ ਮੁਹੰਮਦ ਸ਼ੰਮੀ ਨੂੰ ਚਾਰ ਮਹੀਨਿਆਂ ਦਾ ਸਮਾਂ ਲੱਗਾ। ਦੱਸ ਦੇਈਏ ਕਿ ਪਿਛਲੇ ਕੁਝ ਸਾਲਾਂ ’ਚ ਸ਼ੰਮੀ ਨੇ ਬੁਮਰਾਹ ਨਾਲ ਮਿਲ ਕੇ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ੀ ਅਟੈਕ ਨੂੰ ਬਹੁਤ ਮਜ਼ਬੂਤ ਬਣਾਇਆ ਹੈ।