Mohammad Shami Gets Bail: ਭਾਰਤੀ ਕ੍ਰਿਕਟ ਟੀਮ ਦੇ ਅਹਿਮ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ 19 ਸਤੰਬਰ ਨੂੰ ਪਤਨੀ ਨਾਲ ਛੇੜਛਾੜ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ। ਸ਼ਮੀ ਨੂੰ ਅਲੀਪੁਰ ਕੋਰਟ 'ਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰ ਲਈ ਗਈ ਹੈ। ਅਦਾਲਤ 'ਚ ਪੇਸ਼ ਹੋਣ ਦੇ ਨਾਲ ਹੀ ਮੁਹੰਮਦ ਸ਼ਮੀ ਨੇ ਆਪਣੀ ਜ਼ਮਾਨਤ ਅਰਜ਼ੀ ਵੀ ਦਾਇਰ ਕੀਤੀ ਸੀ।
ਆਸਟ੍ਰੇਲੀਆ ਦੇ ਖਿਲਾਫ ਆਗਾਮੀ 3 ਮੈਚਾਂ ਦੀ ਵਨਡੇ ਸੀਰੀਜ਼ ਅਤੇ ਫਿਰ ਵਨਡੇ ਵਿਸ਼ਵ ਕੱਪ 'ਚ ਟੀਮ ਇੰਡੀਆ ਦਾ ਹਿੱਸਾ ਰਹੇ ਮੁਹੰਮਦ ਸ਼ਮੀ ਲਈ ਇਹ ਵੱਡੀ ਰਾਹਤ ਮੰਨੀ ਜਾ ਰਹੀ ਹੈ। ਅਦਾਲਤ ਨੇ ਸ਼ਮੀ ਦੇ ਨਾਲ-ਨਾਲ ਉਸ ਦੇ ਭਰਾ ਮੁਹੰਮਦ ਹਾਸਿਮ ਦੀ ਜ਼ਮਾਨਤ ਪਟੀਸ਼ਨ ਨੂੰ ਵੀ ਮਨਜ਼ੂਰ ਕਰ ਲਿਆ ਹੈ। ਇਨਸਾਈਡ ਸਪੋਰਟਸ ਦੀ ਰਿਪੋਰਟ ਮੁਤਾਬਕ ਸ਼ਮੀ ਅਤੇ ਉਨ੍ਹਾਂ ਦਾ ਭਰਾ ਵਕੀਲ ਸਲੀਮ ਰਹਿਮਾਨ ਨਾਲ ਅਦਾਲਤ 'ਚ ਪੇਸ਼ ਹੋਏ।
ਮੁਹੰਮਦ ਸ਼ਮੀ ਦੇ ਵਕੀਲ ਸਲੀਮ ਰਹਿਮਾਨ ਨੇ ਜ਼ਮਾਨਤ ਮਿਲਣ ਤੋਂ ਬਾਅਦ ਕਿਹਾ ਕਿ ਸ਼ਮੀ ਅਤੇ ਉਸ ਦਾ ਭਰਾ ਹਾਸਿਮ ਅਦਾਲਤ 'ਚ ਪੇਸ਼ ਹੋਏ ਅਤੇ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ। ਉਸ ਦੀ ਪਟੀਸ਼ਨ ਅਦਾਲਤ ਨੇ ਸਵੀਕਾਰ ਕਰ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ 8 ਮਾਰਚ 2018 ਨੂੰ ਜਾਦਵਪੁਰ ਥਾਣੇ 'ਚ ਸ਼ਮੀ ਅਤੇ ਉਨ੍ਹਾਂ ਦੇ ਭਰਾ 'ਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਐੱਫਆਈਆਰ ਦਰਜ ਕਰਵਾਈ ਸੀ।
ਆਸਟ੍ਰੇਲੀਆ ਸੀਰੀਜ਼ 'ਚ ਸ਼ਮੀ 'ਤੇ ਹੋਣਗੀਆਂ ਨਜ਼ਰਾਂ
ਮੁਹੰਮਦ ਸ਼ਮੀ ਨੂੰ ਏਸ਼ੀਆ ਕੱਪ 2023 'ਚ ਸਿਰਫ 2 ਮੈਚ ਖੇਡਣ ਦਾ ਮੌਕਾ ਮਿਲਿਆ, ਜਿਸ 'ਚ ਉਸ ਨੇ ਇਕ ਨੇਪਾਲ ਖਿਲਾਫ ਅਤੇ ਦੂਜਾ ਬੰਗਲਾਦੇਸ਼ ਟੀਮ ਖਿਲਾਫ ਖੇਡਿਆ। ਇਨ੍ਹਾਂ ਦੋਵਾਂ ਮੈਚਾਂ 'ਚ ਸ਼ਮੀ ਨੇ ਆਪਣੀ ਗੇਂਦਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਹੁਣ ਉਸ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ ਦੇ ਸਾਰੇ ਮੈਚ ਖੇਡਣ ਦਾ ਮੌਕਾ ਮਿਲ ਸਕਦਾ ਹੈ। ਅਜਿਹੇ 'ਚ ਉਸ ਦੀ ਗੇਂਦਬਾਜ਼ੀ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਇਹ ਵੀ ਪੜ੍ਹੋ: ICC ਨੇ ਕੀਤਾ ਮੈਚ ਫਿਕਸਿੰਗ ਗਿਰੋਹ ਦਾ ਖੁਲਾਸਾ, ਤਿੰਨ ਭਾਰਤੀ ਸਮੇਤ 8 ਲੋਕ ਗਿਰੋਹ 'ਚ ਸ਼ਾਮਲ