ਜਾਨਲੇਵਾ ਕੋਰੋਨਾ ਆਪਣੇ ਪੂਰੇ ਕਹਿਰ 'ਤੇ ਹੈ। ਦੇਸ਼ 'ਚ ਹਾਲਾਤ ਵਿਗੜਦੇ ਜਾ ਰਹੇ ਹਨ। ਆਮ ਲੋਕਾਂ ਦੇ ਨਾਲ ਮਸ਼ਹੂਰ ਸਿਲੇਬ੍ਰਿਟੀ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਹੁਣ ਕੋਰੋਨਾਵਾਇਰਸ ਮਹਿੰਦਰ ਸਿੰਘ ਧੋਨੀ ਦੇ ਘਰ ਤੱਕ ਵੀ ਪਹੁੰਚ ਗਿਆ ਹੈ। ਟੀਮ ਇੰਡੀਆ ਦੇ ਸਾਬਕਾ ਕਪਤਾਨ ਦੇ ਮਾਤਾ-ਪਿਤਾ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਦਾ ਰਾਂਚੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

 

ਡਾਕਟਰਾਂ ਅਨੁਸਾਰ ਫਿਲਹਾਲ ਧੋਨੀ ਦੇ ਪਿਤਾ ਪਾਨ ਸਿੰਘ ਤੇ ਮਾਂ ਦੇਵਿਕਾ ਦੇਵੀ ਦੀ ਹਾਲਤ ਠੀਕ ਹੈ। ਆਕਸੀਜਨ ਦਾ ਪੱਧਰ ਅਜੇ ਵੀ ਆਮ ਹੈ। ਇਹ ਰਾਹਤ ਦੀ ਗੱਲ ਹੈ ਕਿ ਇਨਫੈਕਸ਼ਨ ਫੇਫੜਿਆਂ ਤੱਕ ਨਹੀਂ ਪਹੁੰਚੀ। ਇਹ ਜਾਣਕਾਰੀ ਸੀਟੀ ਸਕੈਨ ਦੁਆਰਾ ਸਾਹਮਣੇ ਆਈ।

 

ਮਹਿੰਦਰ ਸਿੰਘ ਧੋਨੀ ਇਸ ਮੁਸ਼ਕਲ ਸਮੇਂ ਵਿੱਚ ਆਪਣੇ ਪਰਿਵਾਰ ਨਾਲ ਮੌਜੂਦ ਨਹੀਂ ਹਨ। ਉਹ ਇਸ ਸਮੇਂ ਆਈਪੀਐਲ ਖੇਡਣ 'ਚ ਬਿਜ਼ੀ ਹਨ, ਜੋ ਕੋਰੋਨਾਵਾਇਰਸ ਕਾਰਨ ਇਕ ਬੰਦ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਅੱਜ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ।

 

ਦੇਸ਼ ਭਰ ਵਿੱਚ 13 ਕਰੋੜ ਕੋਰੋਨਾ ਟੀਕੇ ਲਗਾਉਣ ਦੇ ਬਾਵਜੂਦ ਮਹਾਂਮਾਰੀ ਸੰਕਟ ਰੁਕਣ ਦਾ ਨਾਂ ਨਹੀਂ ਲੈ ਰਹੀ। ਹਰ ਦਿਨ ਕੋਰੋਨਾ ਦੇ ਅੰਕੜੇ ਨਵੇਂ ਰਿਕਾਰਡ ਕਾਇਮ ਕਰ ਰਹੇ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 295,041 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 2023 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈ ਹਨ। ਹਾਲਾਂਕਿ, 1,67,457 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ।ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 259,167 ਨਵੇਂ ਮਾਮਲੇ ਸਾਹਮਣੇ ਆਏ ਸੀ।

 

ਜਾਣੋ ਦੇਸ਼ 'ਚ ਕੋਰੋਨਾ ਦੀ ਅੱਜ ਦੀ ਸਥਿਤੀ-

ਕੁਲ ਕੋਰੋਨਾ ਕੇਸ - ਇੱਕ ਕਰੋੜ 56 ਲੱਖ 16 ਹਜ਼ਾਰ 130

ਕੁੱਲ ਡਿਸਚਾਰਜ - ਇੱਕ ਕਰੋੜ 32 ਲੱਖ 76 ਹਜ਼ਾਰ 39

ਕੁੱਲ ਐਕਟਿਵ ਕੇਸ- 21 ਲੱਖ 57 ਹਜ਼ਾਰ 538

ਕੁੱਲ ਮੌਤ - 1 ਲੱਖ 82 ਹਜ਼ਾਰ 553

ਕੁੱਲ ਟੀਕਾਕਰਣ - 13 ਕਰੋੜ 1 ਲੱਖ 19 ਹਜ਼ਾਰ 310 ਖੁਰਾਕ ਦਿੱਤੀ ਗਈ